ਪਾਵਰ ਨਿਗਮ ਕਰਮਚਾਰੀ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਉਣ ਉਪਰੰਤ ਉਸ ਦੇ ਸੰਪਰਕ ‘ਚ ਆਉਣ ਵਾਲੇ ਕੁਲ 5 ਕਰਮਚਾਰੀਆਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ, ਜਿਸ ਦੀ ਰਿਪੋਰਟ ਆਉਣ ਤੱਕ ਸਟਾਫ ‘ਚ ਬੇਚੈਨੀ ਦਾ ਆਲਮ ਰਹੇਗਾ ਕਿਉਂਕਿ ਜਦੋਂ ਤੋਂ ਉਕਤ ਕਰਮਚਾਰੀ ਦੀ ਪਾਜ਼ੇਟਿਵ ਰਿਪੋਰਟ ਆਈ ਹੈ, ਉਦੋਂ ਤੋਂ ਸਟਾਫ ‘ਚ ਦਹਿਸ਼ਤ ਫੈਲੀ ਹੋਈ ਹੈ।ਬੀਤੇ ਦਿਨੀਂ ਪਾਵਰ ਨਿਗਮ ਦੀ ਮਾਡਲ ਟਾਊਨ ਡਵੀਜ਼ਨ ਦੇ ਬੂਟਾ ਮੰਡੀ ਨੇੜੇ ਸਥਿਤ ਬਿਲਡਿੰਗ ਵਿਚ ਕੰਮ ਕਰਦਾ ਸੰਦੀਪ ਨਾਮੀ ਕਾਮਾ ਕੋਰੋਨਾ ਪਾਜ਼ੇਟਵ ਪਾਇਆ ਗਿਆ ਸੀ। ਇਸ ਤੋਂ ਬਾਅਦ ਦਫ਼ਤਰ ਨੂੰ ਸੀਲ ਕਰ ਦਿੱਤਾ ਗਿਆ ਅਤੇ ਸੈਨੇਟਾਈਜ਼ ਕਰਵਾਇਆ ਗਿਆ। ਇਸ ਉਪਰੰਤ ਸਿਹਤ ਮਹਿਕਮੇ ਦੇ ਕਾਮਿਆਂ ਦੇ ਧਿਆਨ ‘ਚ ਪੂਰੀ ਗੱਲ ਲਿਆਉਣ ਤੋਂ ਬਾਅਦ ਦਫ਼ਤਰ ਖੋਲ੍ਹ ਦਿੱਤਾ ਗਿਆ ਅਤੇ ਹੁਣ ਪੂਰੀ ਅਹਿਤਿਆਤ ਅਪਣਾਈ ਜਾ ਰਹੀ ਹੈ। ਦਫਤਰ ਦੇ ਸਟਾਫ ਤੋਂ ਲੈ ਕੇ ਆਉਣ ਵਾਲੇ ਕਰਮਚਾਰੀਆਂ ਨੂੰ ਸਿਹਤ ਵਿਭਾਗ ਦੀਆਂ ਗਾਈਡ ਲਾਈਨਜ਼ ਮੁਤਾਬਕ ਜਾਂਚ ਕਰ ਕੇ ਅੰਦਰ ਭੇਜਿਆ ਜਾ ਰਿਹਾ ਹੈ।ਇਸੇ ਕ੍ਰਮ ‘ਚ ਬੀਤੇ ਦਿਨ 5 ਕਰਮਚਾਰੀਆਂ ਨੇ ਸੀਨੀਅਰ ਅਧਿਕਾਰੀਆਂ ਦੀਆਂ ਹਦਾਇਤਾਂ ‘ਤੇ ਬਸਤੀ ਗੁਜ਼ਾਂ ‘ਚ ਸਥਿਤ ਹੈਲਥ ਸੈਂਟਰ ‘ਚ ਆਪਣਾ ਸੈਂਪਲ ਦਿੱਤਾ। ਇਨ੍ਹਾਂ ‘ਚ ਐੱਸ. ਡੀ. ਓ. ਕਮਰਸ਼ੀਅਲ ਅਸ਼ਵਨੀ ਕੁਮਾਰ, ਮੀਟਰ ਇੰਸਪੈਕਟਰ, 2 ਯੂ. ਡੀ. ਸੀ, (ਅੱਪਰ ਡਵੀਜ਼ਨ ਕਲਰਕ), ਐੱਲ. ਡੀ. ਸੀ. (ਲੋਅਰ ਡਿਵੀਜ਼ਨ ਕਲਰਕ) ਸ਼ਾਮਲ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ।ਉੱਥੇ, ਸੀਨੀਅਰ ਐਕਸੀਅਨ ਦਵਿੰਦਰ ਸਿੰਘ ਨੇ ਕਿਹਾ ਕਿ ਉਕਤ ਕਾਮਾ 12 ਦਿਨਾਂ ਤੋਂ ਛੁੱਟੀ ‘ਤੇ ਚੱਲ ਰਿਹਾ ਸੀ, ਜਦਕਿ ਉਸ ਦੀ ਰਿਪੋਰਟ ਆਇਆਂ 3 ਦਿਨ ਹੋ ਚੁੱਕੇ ਹਨ। ਇਸ ਤਰ੍ਹਾਂ 14 ਦਿਨ ਬੀਤ ਚੁੱਕੇ ਹਨ ਪਰ ਕਿਸੇ ਕਰਮਚਾਰੀ ਵਿਚ ਕੋਰੋਨਾ ਦਾ ਕੋਈ ਲੱਛਣ ਨਹੀਂ ਹੈ। ਇਸ ਦੇ ਬਾਵਜੂਦ ਅਹਿਤਿਆਤ ਅਪਣਾਉਂਦੇ ਹੋਏ 5 ਕਰਮਚਾਰੀਆਂ ਦੇ ਟੈਸਟ ਕਰਵਾਏ ਗਏ ਹਨ। ਮਾਡਲ ਟਾਊਨ ਡਵੀਜ਼ਨ ਦੀ ਬਿਲਡਿੰਗ ‘ਚ ਸਥਿਤ ਵੱਖ-ਵੱਖ ਡਿਵੀਜ਼ਨਾਂ ਦੇ ਦਫ਼ਤਰਾਂ ‘ਚ ਪਬਲਿਕ ਡੀਲਿੰਗ ਕਰਨ ਵਾਲੇ ਸਟਾਫ ਵੱਲੋਂ ਆਉਣ ਵਾਲੇ ਲੋਕਾਂ ਨੂੰ ਮਾਸਕ ਆਦਿ ਪਹਿਨਣ ਨੂੰ ਕਿਹਾ ਗਿਆ। ਜੋ ਲੋਕ ਮਾਸਕ ਪਹਿਨ ਕੇ ਨਹੀਂ ਆਏ ਸਨ, ਉਨ੍ਹਾਂ ਦਾ ਕੰਮ ਕਰਨ ਤੋਂ ਸਟਾਫ ਮੈਂਬਰਾਂ ਨੇ ਸਾਫ ਮਨ੍ਹਾ ਕਰ ਦਿੱਤਾ। ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵਿਚ ਸਟਾਫ ਦੇ ਨਾਲ ਹਨ। ਆਪਣੇ ਕੰਮ ਆਉਣ ਵਾਲੇ ਲੋਕਾਂ ਨੂੰ ਚਾਹੀਦਾ ਕਿ ਉਹ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਹੀ ਦਫਤਰ ਵਿਚ ਆਉਣ, ਨਹੀਂ ਤਾਂ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।ਮਾਡਲ ਟਾਊਨ ਡਿਵੀਜ਼ਨ ‘ਚ ਕੋਰੋਨਾ ਦਾ ਕੇਸ ਆਉਣ ਨੂੰ ਪਾਵਰ ਨਿਗਮ ਨਾਰਥ ਜ਼ੋਨ ਦੇ ਹੈੱਡ ਆਫਿਸ ਸ਼ਕਤੀ ਸਦਨ ‘ਚ ਬੈਠੇ ਸੀਨੀਅਰ ਅਧਿਕਾਰੀਆਂ ਵੱਲੋਂ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ, ਇਸ ਲਈ ਉਨ੍ਹਾਂ ਸਾਰੇ ਦਫ਼ਤਰਾਂ ਨੂੰ ਚੌਕਸ ਕਰ ਦਿੱਤਾ ਹੈ। ਇਸੇ ਕ੍ਰਮ ‘ਚ ਵੀਰਵਾਰ ਵੇਖਣ ‘ਚ ਆਇਆ ਹੈ ਕਿ ਪਾਵਰ ਨਿਗਮ ਦੇ ਦਫ਼ਤਰਾਂ ‘ਚ ਸਥਿਤ ਕੈਸ਼ ਕਾਊਂਟਰਾਂ ‘ਤੇ ਨਿਯਮਾਂ ਦੀ ਸਹੀ ਤਰ੍ਹਾਂ ਪਾਲਣਾ ਨਹੀਂ ਹੋਈ। ਇਸ ਦੇ ਉਲਟ ਦਫ਼ਤਰਾਂ ਦੇ ਅੰਦਰ ਸਟਾਫ ਮੈਂਬਰ ਖੁਦ ਨੂੰ ਸੁਰੱਖਿਅਤ ਰੱਖਣ ਲਈ ਦੂਰੀ ਬਣਾਈ ਬੈਠੇ ਨਜ਼ਰ ਆਏ।