ਸਾਲ 2019 ਵਿਚ ਪਾਕਿਸਤਾਨ ਦੇ ਨਨਕਾਣਾ ਸਾਹਿਬ ਦੀ ਸਿੱਖ ਕੁੜੀ ਜਗਜੀਤ ਕੌਰ ਦੇ ਇਸਲਾਮ ਕਬੂਲ ਕਰਨ ਅਤੇ ਮੁਸਲਿਮ ਮੁੰਡੇ ਨਾਲ ਵਿਆਹ ਕਰਨ ਦੇ ਮਾਮਲੇ ਵਿਚ ਅੱਜ ਅਦਾਲਤ ਨੇ ਫੈਸਲਾ ਸੁਣਾਇਆ। ਲਾਹੌਰ ਦੇ ਦਾਰ-ਉਲ-ਅਮਨ ਵਿਚ ਤਕਰੀਬਨ ਇੱਕ ਸਾਲ ਬਿਤਾਉਣ ਤੋਂ ਬਾਅਦ, ਪਾਕਿਸਤਾਨੀ ਸਿੱਖ ਕੁੜੀ ਜਗਜੀਤ ਕੌਰ ਉਰਫ ਆਯਸ਼ਾ ਬੀਬੀ ਨੂੰ ਉਸ ਦੇ ਮੁਸਲਮਾਨ ਪਤੀ ਮੁਹੰਮਦ ਹਸਨ ਨਾਲ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ, ਜਿਸ ਨਾਲ ਉਸਦੇ ਪਰਿਵਾਰ ਵਾਲੇ ਨਿਰਾਸ਼ ਹੋ ਗਏ। ਉਸ ਦੇ ਭਰਾ ਨੇ ਕਿਹਾ ਕਿ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ।ਨਨਕਾਣਾ ਸਾਹਿਬ ਦੇ ਪ੍ਰਚਾਰਕ ਦੀ ਧੀ ਜਗਜੀਤ ਕੌਰ, ਜਿਸ ਨੂੰ ਕਥਿਤ ਤੌਰ ‘ਤੇ ਪਿਛਲੇ ਸਾਲ ਅਗਸਤ ਵਿਚ ਇਸਲਾਮ ਧਰਮ ਕਬੂਲ ਕਰਨ ਅਤੇ ਇਕ ਮੁਸਲਮਾਨ ਵਿਅਕਤੀ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਗਿਆ ਸੀ, ਨੇ ਲਾਹੌਰ ਹਾਈ ਕੋਰਟ ਨੂੰ ਦੱਸਿਆ ਕਿ ਉਹ ਆਪਣੇ ਮਾਪਿਆਂ ਦੇ ਘਰ ਵਾਪਸ ਨਹੀਂ ਜਾਣਾ ਚਾਹੁੰਦੀ। ਬੁੱਧਵਾਰ ਨੂੰ ਲਾਹੌਰ ਤੋਂ ਇਕ ਸਮਾਚਾਰ ਏਜੰਸੀ ਨਾਲ ਫ਼ੋਨ ‘ਤੇ ਗੱਲਬਾਤ ਕਰਦਿਆਂ, ਆਯਸ਼ਾ ਅਤੇ ਉਸ ਦੇ ਪਤੀ ਮੁਹੰਮਦ ਹਸਨ ਦੇ ਵਕੀਲ ਮੁਹੰਮਦ ਸੁਲਤਾਨ ਸ਼ੇਖ ਨੇ ਕਿਹਾ ਕਿ ਕੁੜੀ ਦੀ ਉਮਰ ਦੇ ਸੰਬੰਧ ਵਿਚ ਦੋਵਾਂ ਧਿਰਾਂ ਦੀਆਂ ਦਲੀਲਾਂ ਅਤੇ ਸਬੂਤਾਂ ਦੀ ਰੌਸ਼ਨੀ ਤੋਂ ਬਾਅਦ ਅਤੇ ਉਸ ਦਾ ਜਵਾਨੀ ਟੈਸਟ ਅਤੇ ਰਾਸ਼ਟਰੀ ਰਿਕਾਰਡ ਡਾਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਟੀ ਨੇ ਉਸ ਦੀ 20 ਸਾਲ ਦੀ ਉਮਰ ਹੋਣ ਦੀ ਤਸਦੀਕ ਕੀਤੀ। ਇਸ ਮਗਰੋਂ ਜਸਟਿਸ ਸ਼ਹਿਰਾਮ ਸਰਵਰ ਚੌਧਰੀ ਨੇ ਇਸ ਬਾਰੇ ਬਿਆਨ ਦਰਜ ਕਰਨ ਤੋਂ ਬਾਅਦ ਕੁੜੀ ਨੂੰ ਆਪਣੇ ਪਤੀ ਨਾਲ ਭੇਜਣ ਦਾ ਆਦੇਸ਼ ਦਿੱਤਾ।ਉਸ ਦੇ ਭਰਾ ਮਨਮੋਹਨ ਸਿੰਘ ਨੇ ਕਿਹਾ,”ਇਹ ਇਨਸਾਫ ਨਹੀਂ ਹੈ, ਸਾਨੂੰ ਜਗਜੀਤ ਨੂੰ ਮਿਲਣ ਦੀ ਇਜਾਜ਼ਤ ਵੀ ਨਹੀਂ ਸੀ।” ਉਸ ਨੇ ਕਿਹਾ ਕਿ ਉਨ੍ਹਾਂ ਨੇ ਜਗਜੀਤ ਨਾਲ ਗੱਲ ਕਰਨ ਲਈ 5 ਮਿੰਟ ਦਾ ਸਮਾਂ ਮੰਗਿਆ ਸੀ ਪਰ ਅਦਾਲਤ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਸੂਤਰਾਂ ਮੁਤਾਬਕ, ਜਗਜੀਤ ਨੂੰ ਭਾਰੀ ਸੁਰੱਖਿਆ ਦੇ ਵਿਚਕਾਰ ਦਾਰ-ਉਲ-ਅਮਨ ਤੋਂ ਲਾਹੌਰ ਹਾਈ ਕੋਰਟ ਲਿਆਂਦਾ ਗਿਆ ਕਿਉਂਕਿ ਪੁਲਿਸ ਵੱਲੋਂ ਸਿੱਖਾਂ ਅਤੇ ਮੁਸਲਮਾਨ ਸਮੂਹ ਦੁਆਰਾ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦਾ ਖਦਸ਼ਾ ਸੀ, ਜੋ ਅਦਾਲਤ ਦੇ ਬਾਹਰ ਇਕੱਠੇ ਹੋਏ ਸਨ।ਸੁਲਤਾਨ ਨੇ ਕਿਹਾ ਕਿ ਦਰ-ਉਲ-ਅਮਨ ਵੱਲੋਂ ਅਦਾਲਤ ਦੇ ਆਦੇਸ਼ ਮਿਲਣ ਤੋਂ ਬਾਅਦ ਆਯਸ਼ਾ ਬੀਬੀ ਨੂੰ ਹਸਨ ਨਾਲ ਭੇਜਿਆ ਜਾਵੇਗਾ। ਉਹਨਾਂ ਨੇ ਕਿਹਾ, “ਸ਼ਾਇਦ ਬੁੱਧਵਾਰ ਸ਼ਾਮ ਜਾਂ ਵੀਰਵਾਰ ਉਹ ਆਪਣੇ ਪਤੀ ਦੇ ਘਰ ਜਾਵੇਗੀ।” ਭਾਵੇਂਕਿ, ਮਨਮੋਹਨ ਨੇ ਕਿਹਾ ਕਿ ਦਾਰ-ਉਲ-ਅਮਨ ਨੂੰ ਅਦਾਲਤ ਦਾ ਹੁਕਮ ਮਿਲਣ ਵਿਚ ਦੋ ਦਿਨ ਲੱਗ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਇਨਸਾਫ ਦੀ ਮੰਗ ਕਰਨ ਲਈ ਕੌਮਾਂਤਰੀ ਪੱਧਰ ‘ਤੇ ਇਹ ਮੁੱਦਾ ਉਠਾਏਗਾ।