ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਭਾਰਤ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਪਾਕਿ ਪ੍ਰਧਾਨ ਮੰਤਰੀ ਨੇ ਇਕ ਇੰਟਰਵਿਊ ’ਚ ਕਿਹਾ ਕਿ ਪਾਕਿਸਤਾਨ ਆਪਣਾ ਸਬਕ ਸਿੱਖ ਚੁੱਕਾ ਹੈ। ਦੋਵੇਂ ਦੇਸ਼ ਪ੍ਰਮਾਣੂ ਸ਼ਕਤੀ ਵਾਲੇ ਹਨ। ਅਸੀਂ ਇਸੇ ਰਾਹ ’ਤੇ ਅੱਗੇ ਵਧਦੇ ਰਹੇ ਤਾਂ ਪਤਾ ਨਹੀਂ ਅੱਗੇ ਕੀ ਹੋਵੇਗਾ। ਉਨ੍ਹਾਂ ਇਕ ਵਾਰ ਫਿਰ ਕਸ਼ਮੀਰ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਕਸ਼ਮੀਰ ’ਚ ਜੋ ਹੋ ਰਿਹਾ ਹੈ, ਉਸ ਨੂੰ ਰੋਕਿਆ ਜਾਵੇ। ਕਸ਼ਮੀਰ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਨਾਲ ਤਿੰਨ ਯੁੱਧ ਲੜ ਚੁੱਕੇ ਹਾਂ
ਇਸ ਤੋਂ ਇਕ ਦਿਨ ਪਹਿਲਾਂ ਪਾਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਮਿੱਤਰ ਦੇਸ਼ਾਂ ਤੋਂ ਹੋਰ ਕਰਜ਼ਾ ਲੈਣ ’ਚ ਸ਼ਰਮ ਮਹਿਸੂਸ ਹੁੰਦੀ ਹੈ ਕਿਉਂਕਿ ਇਹ ਨਕਦੀ ਸੰਕਟ ਨਾਲ ਜੂਝ ਰਹੇ ਦੇਸ਼ ਦੀਆਂ ਆਰਥਿਕ ਚੁਣੌਤੀਆਂ ਦਾ ਸਥਾਈ ਹੱਲ ਨਹੀਂ ਹੈ। ਸ਼ਰੀਫ਼ ਸ਼ਨੀਵਾਰ ਨੂੰ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ’ਚ ਪਾਕਿਸਤਾਨ ਪ੍ਰਸ਼ਾਸਨਿਕ ਸੇਵਾ (ਪੀ. ਏ. ਐੱਸ.) ਦੇ ਪ੍ਰੋਬੇਸ਼ਨਰੀ ਅਧਿਕਾਰੀਆਂ ਦੇ ਪਾਸਿੰਗ ਆਊਟ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਆਪਣੇ ਸੰਬੋਧਨ ’ਚ ਇਸ ਨੂੰ ਲੈ ਕੇ ਅਫਸੋਸ ਪ੍ਰਗਟ ਕੀਤਾ ਕਿ ਪਿਛਲੇ 75 ਸਾਲਾਂ ਦੌਰਾਨ ਦੇਸ਼ ਦੀਆਂ ਵੱਖ-ਵੱਖ ਸਰਕਾਰਾਂ ਨੇ ਆਰਥਿਕ ਮੁੱਦਿਆਂ ’ਤੇ ਧਿਆਨ ਨਹੀਂ ਦਿੱਤਾ।