ਕੋਵਿਡ-19 ਨੇ ਇਟਲੀ ਵਿੱਚ ਰਹਿਣ ਬਸੇਰਾ ਕਰਦੇ ਬਾਸ਼ਿੰਦਿਆਂ ਦੀ ਜ਼ਿੰਦਗੀ ਦੀ ਰਫ਼ਤਾਰ ਬੇਸ਼ੱਕ ਹੌਲੀ ਕਰ ਦਿੱਤੀ ਸੀ ਪਰ ਹੁਣ ਇਸ ਰਫ਼ਤਾਰ ਨੂੰ ਪਹਿਲਾਂ ਤੋਂ ਤੇਜ਼ ਕਰਨ ਜਾ ਰਹੀਆਂ ਹਨ ਇਟਲੀ ਦੀਆਂ ਰੇਲ ਕੰਪਨੀਆਂ। ਜਿਹੜੀਆਂ ਕਿ ਇਟਲੀ ਦੇ ਉਹਨਾਂ ਇਲਾਕਿਆਂ ਵਿੱਚ ਤੇਜ ਰਫ਼ਤਾਰ ਰੇਲ ਗੱਡੀਆਂ ਚਲਾਉਣ ਜਾ ਰਹੀਆਂ ਹਨ ਜਿੱਥੇ ਕਿ ਪਹਿਲਾਂ ਜਲਦੀ ਪਹੁੰਚਣ ਲਈ ਸਿਰਫ਼ ਹਵਾਈ ਜਹਾਜ਼ ਦੀਆਂ ਸੇਵਾਵਾਂ ਹੀ ਲੈਣੀਆਂ ਪੈਂਦੀਆਂ ਸਨ। ਇਸ ਸਾਲ ਜੂਨ ਮਹੀਨੇ ਤੋਂ ਇਟਲੀ ਦੀ ਤੇਜ਼ ਰਫ਼ਤਾਰ ਰੇਲ ਗੱਡੀ “ਇਤਲੋ” ਅਤੇ “ਟ੍ਰੇਨ ਇਤਾਲੀਅਨ” ਨੇ ਐਲਾਨ ਕੀਤਾ ਹੈ ਕਿ ਉਹ ਜੂਨ ਤੋਂ ਆਪਣਾ ਇਟਲੀ ਦੇ ਉੱਤਰ ਤੋਂ ਦੱਖਣ ਤੱਕ ਤੇਜ਼ ਰਫ਼ਤਾਰ ਰੂਟ ਸ਼ੁਰੂ ਕਰਨ ਜਾ ਰਹੀਆਂ ਹਨ, ਜਿਸ ਨਾਲ ਕਿ ਇਟਲੀ ਵਾਸੀਆਂ ਨੂੰ ਹੁਣ ਉਹ ਸਫ਼ਰ ਵੀ ਰੇਲ ਗੱਡੀ ਵਿੱਚ ਸੌਖਾ ਤੇ ਸੁਹਾਵਣਾ ਲੱਗੇਗਾ ਜਿਹੜਾ ਪਹਿਲਾਂ ਉਨਾਂ ਨੂੰ ਸਾਰਾ ਦਿਨ ਆਉਣ-ਜਾਣ ਵਿੱਚ ਪ੍ਰੇਸ਼ਾਨ ਕਰਦਾ ਸੀ।