ਨੇਪਾਲ ‘ਚ ਵਿਗੜ ਰਹੇ ਸਬੰਧਾਂ ਨੂੰ ਲੈ ਕੇ ਰਾਸ਼ਟਰੀ ਸਵੈਮ-ਸੇਵਕ ਸੰਘ ਦੀ ਭਾਜਪਾ ਲੀਡਰਸ਼ਿਪ ਨੂੰ ਸਹੀ ਸਲਾਹ

0
171

ਵਿਸ਼ਵ ਦੇ ਇਕੋ-ਇਕ ਹਿੰਦੂ ਦੇਸ਼ ਅਤੇ ਨੇੜਲੇ ਗੁਆਂਢੀ ਨੇਪਾਲ ਦੇ ਨਾਲ ਸਾਡੇ ਸਦੀਆਂ ਤੋਂ ਡੂੰਘੇ ਸਬੰਧ ਚਲੇ ਆ ਰਹੇ ਹਨ ਅਤੇ ਦੋਵਾਂ ਹੀ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਰੋਟੀ ਅਤੇ ਬੇਟੀ ਦਾ ਰਿਸ਼ਤਾ ਰਿਹਾ ਹੈ। ਕੁਝ ਸਾਲਾਂ ਤਕ ਸਭ ਠੀਕ ਚਲ ਰਿਹਾ ਸੀ ਪਰ ਜਦੋਂ ਤੋਂ ਚੀਨ ਨੇ ਨੇਪਾਲ, ਪਾਕਿਸਤਾਨ ਤੇ ਸ਼੍ਰੀਲੰਕਾ ਨੂੰ ਵੱਖ-ਵੱਖ ਲਾਲਚ ਦੇ ਕੇ ਆਪਣੇ ਪ੍ਰਭਾਵ ‘ਚ ਲੈਣਾ ਸ਼ੁਰੂ ਕੀਤਾ ਹੈ, ਇਨ੍ਹਾਂ ਨੇ ਭਾਰਤ ਵਿਰੋਧੀ ਤੇਵਰ ਅਪਣਾ ਲਏ ਹਨ। ਇਨ੍ਹੀਂ ਦਿਨੀਂ ਚੀਨ ਦੀ ਚੁੱਕ ‘ਤੇ ਨੇਪਾਲ ਦੀ ਕਮਿਊਨਿਸਟ ਸਰਕਾਰ ਲਗਾਤਾਰ ਭਾਰਤ ਵਿਰੋਧੀ ਫੈਸਲੇ ਲੈ ਰਹੀ ਹੈ। ਹਾਲ ਹੀ ‘ਚ ਭਾਰਤ ਦੇ 3 ਇਲਾਕਿਆਂ ‘ਲਿਪੂਲੇਖ’, ‘ਕਾਲਾ ਪਾਣੀ’ ਅਤੇ ‘ਲਿੰਪਿਆਧੁਰਾ’ ‘ਤੇ ਆਪਣਾ ਦਾਅਵਾ ਪ੍ਰਗਟਾਉਣ ਅਤੇ ਨੇਪਾਲ ਸਰਹੱਦ ‘ਤੇ ਇਕ ਭਾਰਤੀ ਦੀ ਹੱਤਿਆ ਕਰਨ ਦੇ ਇਲਾਵਾ ਨੇਪਾਲ ਸਰਕਾਰ ਨੇ ਪੂਰੀ ਭਾਰਤ-ਨੇਪਾਲ ਸਰਹੱਦ ਨੂੰ ਸੀਲ ਕਰ ਕੇ ਚੱਪੇ-ਚੱਪੇ ‘ਤੇ ਨੇਪਾਲ ਪੁਲਸ ਦੇ ਜਵਾਨਾਂ ਨੂੰ ਤਾਇਨਾਤ ਕਰ ਦਿੱਤਾ ਹੈ ਅਤੇ ਭਾਰਤੀ ਇਲਾਕਿਆਂ ‘ਤੇ ਵੀ ਨੇਪਾਲ ਦੇ ਝੰਡੇ ਲਗਾ ਦਿੱਤੇ ਹੈ। ਨੇਪਾਲ ਸਰਕਾਰ ਨੇ ਚੀਨ ਤੋਂ ਸਾਮਾਨ ਬਰਾਮਦ ਵਧ ਸਹੂਲਤ ਵਾਲਾ ਬਣਾਉਣ ਲਈ ਚੀਨ ਦੇ ਨਾਲ ਲਗਦਾ ਆਪਣਾ ‘ਰਸੁਆਗੜ੍ਹੀ ਬਾਰਡਰ ਪੁਆਇੰਟ’ ਖੋਲ੍ਹਣ ਦਾ ਵੀ ਫੈਸਲਾ ਕੀਤਾ ਹੈ, ਜਿਥੋਂ ਨਿਰਮਾਣ ਸਮੱਗਰੀ ਦੇਸ਼ ‘ਚ ਲਿਆਂਦੀ ਜਾਵੇਗੀ।
ਭਾਰਤੀ ਸਰਹੱਦ ਤਕ ਆਉਣ ਲਈ ਚੀਨ ਦੀ ਸ਼ਹਿ ‘ਤੇ ਨੇਪਾਲ 10-20 ਕਿਲੋਮੀਟਰ ਦੀ ਦੂਰੀ ‘ਤੇ ਫੋਰਲੇਨ ਸੜਕਾਂ ਦੀ ਵੀ ਉਸਾਰੀ ਕਰ ਰਿਹਾ ਹੈ ਅਤੇ ਨੇਪਾਲੀ ਸੰਸਦ ‘ਚ ਹਿੰਦੀ ਦੀ ਵਰਤੋਂ ‘ਤੇ ਰੋਕ ਲਗਾਉਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ। ਜਿਥੇ ਇਹ ਸਭ ਭਾਰਤੀ ਵਿਰੋਧੀ ਫੈਸਲੇ ਨੇਪਾਲ ਦੇ ਕਮਿਊਨਿਸਟ ਪ੍ਰਧਾਨ ਮੰਤਰੀ ਕੇ.ਪੀ.ਓਲੀ ਦੇ ਹੁਕਮਾਂ ‘ਤੇ ਹੋ ਰਹੇ ਹਨ, ਉਥੇ ਓਲੀ ਨੇ ਸਿੱਧੇ ਤੌਰ ‘ਤੇ ਭਾਰਤ ਸਰਕਾਰ ‘ਤੇ ਉਨ੍ਹਾਂ ਨੂੰ ਹਟਾਉਣ ਦੀ ਸਾਜ਼ਿਸ਼ ਰਚਨ ਦਾ ਦੋਸ਼ ਵੀ ਲਗਾਇਆ ਹੈ।
ਅਜਿਹੇ ਮਾਹੌਲ ਦੇ ਦਰਮਿਆਨ ਰਾਸ਼ਟਰੀ ਸਵੈਮ-ਸੇਵਕ ਸੰਘ ਦੇ ਚੋਟੀ ਦੇ ਅਹੁਦੇਦਾਰਾਂ ਅਤੇ ਭਾਜਪਾ ਲੀਡਰਸ਼ਿਪ ਦੇ ਦਰਮਿਆਨ ਪਿਛਲੇ ਹਫਤੇ ਹੋਈ ਬੈਠਕ ‘ਚ ਸੰਘ ਨੇਤਾ ਸੁਰੇਸ਼ ਭੈਯਾ ਜੀ ਜੋਸ਼ੀ ਤੇ ਹੋਰਨਾਂ ਨੇਤਾਵਾਂ ਨੇ ਨੇਪਾਲ ਦੇ ਨਾਲ ਸਬੰਧਾਂ ‘ਚ ਗਿਰਾਵਟ ਅਤੇ ਤਣਾਅ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਨੂੰ ਨਵੀਂ ਦਿੱਲੀ ਅਤੇ ਕਾਠਮਾਂਡੂ ਦੇ ਦਰਮਿਆਨ ਸਬੰਧਾਂ ਦੀ ਮੁੜ-ਸਿਰਜਨਾ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਸੰਘ ਨੇ ਸਰਕਾਰ ਅਤੇ ਖੂਫੀਆ ਏਜੰਸੀਆਂ ਵਲੋਂ ਗੁਆਂਢੀ ਦੇਸ਼ਾਂ ਦੇ ਘਟਨਾਕ੍ਰਮਾਂ ਤੋਂ ਪਹਿਲਾਂ ਚੌਕਸੀ ਨਾ ਵਰਤਣ ‘ਤੇ ਵੀ ਚਿੰਤਾ ਪ੍ਰਗਟ ਕੀਤੀ ਹੈ। ਸੰਘ ਨੇਤਾ ਭਾਰਤ ਅਤੇ ਨੇਪਾਲ ਵਲੋਂ ਗੱਲਬਾਤ ਦੇ ਰਾਹੀਂ ਆਪਣੇ ਗਿਲੇ-ਸ਼ਿਕਵੇ ਹੱਲ ਨਾ ਕਰ ਸਕਣ ‘ਤੇ ਚਿੰਤਤ ਹਨ। ਸੰਘ ਨੇਤਾਵਾਂ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੇ ਖੂਫੀਆ ਏਜੰਸੀਆਂ ਵਲੋਂ ਗੁਆਂਢੀ ਦੇਸ਼ਾਂ ਦੇ ਘਟਨਾਕ੍ਰਮ ਵੱਲ ਅੱਖਾਂ ਮੀਟੀਆਂ ਹੋਈਆਂ ਹਨ।
 ਇਸ ਲਈ ਭਾਜਪਾ ਪ੍ਰਧਾਨ ਜੇ.ਪੀ.ਨੱਡਾ ਅਤੇ ਜਨਰਲ ਸਕੱਤਰ ਬੀ.ਐੱਲ. ਸੰਤੋਸ਼ ਸਰਹੱਦ ‘ਤੇ ਖਰਾਬ ਹੋ ਰਹੇ ਵਾਤਾਵਰਣ ਦਾ ਜਾਇਜ਼ਾ ਲੈਣ। ਸਮੇਂ-ਸਮੇਂ ‘ਤੇ ਸੰਘ ਵਲੋਂ ਭਾਜਪਾ ਲੀਡਰਸ਼ਿਪ ਨੂੰ ਦਿੱਤੀਆਂ ਜਾਣ ਵਾਲੀਆਂ ਸਹੀ ਸਲਾਹਾਂ ਦੇ ਵਾਂਗ ਹੀ ਇਹ ਵੀ ਸਹੀ ਸਲਾਹ ਹੈ, ਜਿਸ ‘ਤੇ ਭਾਜਪਾ ਲੀਡਰਸ਼ਿਪ ਨੂੰ ਤੁਰੰਤ ਅਮਲ ਕਰਨਾ ਚਾਹੀਦਾ ਹੈ। ਅਜਿਹਾ ਨਾ ਹੋਵੇ ਕਿ ਭਾਰਤ ਦਾ ਨੇੜਲਾ ਗੁਆਂਢੀ ਨਾਰਾਜ਼ ਹੋ ਜਾਵੇ, ਜਿਸਦਾ ਭਾਰਤ ‘ਤੇ ਬੁਰਾ ਅਸਰ ਪਵੇਗਾ।

LEAVE A REPLY

Please enter your comment!
Please enter your name here