ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਜਵਾਬਦੇਹੀ ਤੇ ਅੰਦਰੂਨੀ ਮਾਮਲਿਆਂ ਦੇ ਸਲਾਹਕਾਰ ਸ਼ਹਿਜ਼ਾਦ ਅਕਬਰ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਇਕ ਭਗੌੜਾ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਹਵਾਲਗੀ ਦੇ ਲਈ ਸਰਕਾਰ ਨੇ ਬ੍ਰਿਟਿਸ਼ ਸਰਕਾਰ ਨਾਲ ਸੰਪਰਕ ਕੀਤਾ ਹੈ। ਸ਼ਹਿਜ਼ਾਦ ਨੇ ਕਿਹਾ ਕਿ ਸ਼ਰੀਫ ਨੇ ਦਸੰਬਰ 2019 ਵਿਚ ਮੈਡੀਕਲ ਦੇ ਲਈ ਜ਼ਮਾਨਤ ਲਈ ਸੀ, ਜਿਸ ਦੀ ਮਿਆਦ ਹੁਣ ਖਤਮ ਹੋ ਗਈ ਹੈ।
ਸ਼ਰੀਫ ਪਾਕਿਸਤਾਨ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਹਨ। ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਸ਼ਰੀਫ ਨੂੰ ਇਕ ਜਵਾਬਦੇਹੀ ਅਦਾਲਤ ਨੇ ਕੈਦ ਦੀ ਸਜ਼ਾ ਸੁਣਾਈ ਸੀ। ਸ਼ਰੀਫ ਨੇ ਪਿਛਲੇ ਹਫਤੇ ਲਾਹੌਰ ਦੀ ਇਕ ਅਦਾਲਤ ਨੂੰ ਸੂਚਨਾ ਦਿੱਤੀ ਕਿ ਉਹ ਦੇਸ਼ ਪਰਤਣ ਵਿਚ ਅਸਮਰੱਥ ਹੈ ਕਿਉਂਕਿ ਉਨ੍ਹਾਂ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਉਥੇ ਨਾ ਜਾਣ ਨੂੰ ਕਿਹਾ ਹੈ। ਸ਼ਰੀਫ ਨੇ ਆਪਣੇ ਵਕੀਲ ਰਾਹੀਂ ਲਾਹੌਰ ਹਾਈਕੋਰਟ ਨੂੰ ਆਪਣੀ ਮੈਡੀਕਲ ਰਿਪੋਰਟ ਸੌਂਪੀ ਅਤੇ ਕਿਹਾ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਮਹਾਂਮਾਰੀ ਦੇ ਚਲਦਿਆਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ