ਦੱਖਣੀ ਜਾਪਾਨ ‘ਚ ਮੀਂਹ ਨਾਲ ਆਏ ਹੜ੍ਹ ‘ਚ ਕਈ ਲੋਕ ਲਾਪਤਾ

0
198

ਦੱਖਣੀ ਜਾਪਾਨ ਵਿਚ ਤੇਜ਼ ਮੀਂਹ ਨਾਲ ਸ਼ਨੀਵਾਰ ਨੂੰ ਹੜ੍ਹ ਆਉਣ ਦੇ ਨਾਲ ਹੀ ਕਈ ਇਲਾਕਿਆਂ ਵਿਚ ਜ਼ਮੀਨ ਖਿਸਕ ਗਈ, ਜਿਸ ਨਾਲ ਕਈ ਲੋਕ ਲਾਪਤਾ ਹੋ ਗਏ ਅਤੇ ਕਈ ਲੋਕ ਖੁਦ ਨੂੰ ਸੁਰੱਖਿਅਤ ਕੱਢੇ ਜਾਣ ਦੀ ਉਡੀਕ ਵਿਚ ਘਰਾਂ ਦੀਆਂ ਛੱਤਾਂ ਉੱਤੇ ਖੜ੍ਹੇ ਨਜ਼ਰ ਆਏ। ਰਾਤ ਭਰ ਮੋਹਲੇਧਾਰ ਮੀਂਹ ਪੈਣ ਦੇ ਬਾਅਦ ਕੁਮਾਮੋਤੋ ਅਤੇ ਕਾਗੋਸ਼ੀਮਾ ਦੇ ਦੱਖਣੀ ਸੂਬਿਆਂ ਵਿਚ 75,000 ਤੋਂ ਜ਼ਿਆਦਾ ਨਿਵਾਸੀਆਂ ਨੂੰ ਇਲਾਕਾ ਖਾਲ੍ਹੀ ਕਰਨ ਨੂੰ ਕਿਹਾ ਗਿਆ।

ਐਨ.ਐਚ.ਕੇ. ਟੀ.ਵੀ. ਚੈਨਲ ‘ਤੇ ਵਿਖਾਈ ਗਈ ਫੁਟੇਜ ਵਿਚ ਕੁਮਾ ਨਦੀ ਵਿਚੋਂ ਨਿਕਲ ਰਹੇ ਮਟਮੈਲੇ ਪਾਣੀ ਵਿਚ ਕੁਮਾਮੋਤੋ ਦੇ ਹਿਤੋਯੋਸ਼ੀ ਦੇ ਵੱਡੇ ਹਿੱਸੇ ਜਲਮਗਨ ਵਿੱਖ ਰਹੇ ਹਨ। ਕਈ ਗੱਡੀਆਂ ਅੱਧੇ ਤੋਂ ਜ਼ਿਆਦਾ ਡੁੱਬ ਗਈਆਂ। ਘਰਾਂ ਵਿਚ ਚਿੱਕੜ ਵੜ ਗਿਆ ਅਤੇ ਹੜ੍ਹ ਦੇ ਪਾਣੀ ਵਿਚ ਉਖੜੇ ਹੋਏ ਦਰਖਤਾਂ ਦੇ ਤਣੇ ਨਜ਼ਰ ਆ ਰਹੇ ਸਨ। ਕਈ ਲੋਕ ਦੁਕਾਨਾਂ ਦੀਆਂ ਛੱਤਾਂ ‘ਤੇ ਖੁਦ ਨੂੰ ਸੁਰੱਖਿਅਤ ਕੱਢੇ ਜਾਣ ਦੀ ਉਡੀਕ ਵਿਚ ਖੜ੍ਹੇ ਦਿਸੇ। ਐਨ.ਐਚ.ਕੇ. ਨੇ ਕਿਹਾ ਕਿ ਕਰੀਬ 13 ਲੋਕ ਲਾਪਤਾ ਹਨ। ਕੁਮਾਮੋਤੋ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਨੁਕਸਾਨ ਦਾ ਜਾਇਜ਼ਾ ਲੈ ਰਹੇ ਹਨ।

ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਕਾਰਜਬਲ ਦਾ ਗਠਨ ਕੀਤਾ ਹੈ ਅਤੇ ਲਾਪਤਾ ਲੋਕਾਂ ਨੂੰ ਸੁਰੱਖਿਅਤ ਕੱਢਣ ਦੀ ਵਚਨਬੱਧਤਾ ਜਤਾਈ ਹੈ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਪਹਿਲਾਂ ਹੀ ਕੁਮਾਮੋਤੋ ਦੇ ਕਈ ਹਿੱਸਿਆਂ ਵਿਚ ਤੇਜ਼ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਸੀ ਪਰ ਬਾਅਦ ਵਿਚ ਇਸ ਚਿਤਾਵਨੀ ਦਾ ਪੱਧਰ ਘੱਟ ਕੀਤਾ। ਕੁਮਾਮੋਤੋ ਦੇ ਗਵਰਨਰ ਇਕੁਓ ਕਾਬਾਸ਼ੀਮਾ ਨੇ ਕਿਹਾ ਕਿ ਉਨ੍ਹਾਂ ਨੇ ‘ਜਾਪਾਨ ਸੈਲਫ ਡਿਫੈਂਸ’ ਬਲਾਂ ਤੋਂ ਮਦਦ ਦੀ ਬੇਨਤੀ ਕੀਤੀ ਹੈ।

LEAVE A REPLY

Please enter your comment!
Please enter your name here