ਟਰੰਪ ਅਮਰੀਕਾ ਲਈ ਗ਼ਲਤ ਰਾਸ਼ਟਰਪਤੀ: ਮਿਸ਼ੇਲ ਓਬਾਮਾ

0
179

ਡੈਮੋਕਰੈਟਾਂ ਦੇ ਸ਼ੁਰੂ ਹੋਏ ਕੌਮੀ ਸੰਮੇਲਨ ਦੌਰਾਨ ਵੱਖ ਵੱਖ ਆਗੂਆਂ ਨੇ 3 ਨਵੰਬਰ ਨੂੰ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਲਈ ਸਾਰੇ ਅਮਰੀਕੀਆਂ ਨੂੰ ਇਕਜੁੱਟ ਹੋ ਕੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਹਰਾਉਣ ਦਾ ਸੱਦਾ ਦਿੱਤਾ। ਕਰੋਨਾਵਾਇਰਸ ਦੇ ਮੱਦੇਨਜ਼ਰ ਇਹ ਸੰਮੇਲਨ ਆਨਲਾਈਨ ਹੀ ਸ਼ੁਰੂ ਕੀਤਾ ਗਿਆ ਹੈ।

ਇਸ ਮੌਕੇ ਸਾਬਕਾ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਨੇ ਦੇਸ਼ ਨੂੰ ਬੁਰੀ ਤਰ੍ਹਾਂ ਵੰਡਿਆ ਹੋਇਆ ਕਰਾਰ ਦਿੱਤਾ। ਉਨ੍ਹਾਂ ਕਿਹਾ, ‘ਅਸੀਂ ਇੱਕ ਬੁਰੀ ਤਰ੍ਹਾਂ ਵੰਡੇ ਹੋਏ ਮੁਲਕ ’ਚ ਰਹਿ ਰਹੇ ਹਾਂ। ਜੇਕਰ ਅਸੀਂ ਇਸ ਵੰਡ ਨੂੰ ਖਤਮ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਜੋਅ ਬਿਡੇਨ ਨੂੰ ਵੋਟ ਪਾਉਣੀ ਪਵੇਗੀ ਕਿਉਂਕਿ ਸਾਡੀਆਂ ਜ਼ਿੰਦਗੀਆਂ ਇਸੇ ’ਤੇ ਨਿਰਭਰ ਕਰਦੀਆਂ ਹਨ।’ ਇਸ ਸੰਮੇਲਨ ਦੌਰਾਨ ਰਸਮੀ ਤੌਰ ’ਤੇ 77 ਸਾਲਾ ਜੋਅ ਬਿਡੇਨ ਨੂੰ ਰਾਸ਼ਟਰਪਤੀ ਤੇ ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਜਾਵੇਗਾ। ਕਮਲਾ ਹੈਰਿਸ ਨੇ ਕਿਹਾ ਕਿ ਉਹ ਸਾਰੇ ਇੱਕੋ ਹੀ ਮਕਸਦ ਲਈ ਲੜ ਰਹੇ ਹਨ। ਉਨ੍ਹਾਂ ਕਿਹਾ, ‘ਡੋਨਲਡ ਟਰੰਪ ਇਹ ਕਦੀ ਨਹੀਂ ਮੰਨਣਗੇ ਕਿ ਅਸੀਂ ਵੀ ਅਮਰੀਕੀ ਹਾਂ।’ ਡੈਮੋਕਰੈਟ ਸੰਸਦ ਮੈਂਬਰ ਬਰਨੀ ਸੈਂਡਰਸ ਨੇ ਕਿਹਾ ਕਿ ਡੋਨਲਡ ਟਰੰਪ ਅਮਰੀਕੀ ਲੋਕਤੰਤਰ ਲਈ ਖਤਰਾ ਹਨ ਤੇ ਵਿਗਿਆਨ ਪ੍ਰਤੀ ਉਨ੍ਹਾਂ ਦੀ ਨਾਸਮਝੀ ਨੇ ਅਰਥਚਾਰੇ ਤੇ ਅਮਰੀਕੀਆਂ ਦੀ ਜ਼ਿੰਦਗੀ ਨੂੰ ਖਤਰੇ ’ਚ ਪਾ ਦਿੱਤਾ ਹੈ। ਸੈਨੇਟਰ ਕੋਰੀ ਬੁੱਕਰ ਨੇ ਕਿਹਾ ਕਿ ਡੋਨਲਡ ਟਰੰਪ ਨੂੰ ਹਰਾਉਣ ਲਈ ਉਨ੍ਹਾਂ ਕੋਲ ਇੱਕ ਹੀ ਮੌਕਾ ਹੈ ਤੇ ਉਹ ਮੌਕਾ ਹੁਣ ਹੀ ਹੈ। ਸੈਨੇਟਰ ਐਮੀ ਕਲੋਬੁਚਰ ਨੇ ਦੋਸ਼ ਲਾਇਆ ਕਿ ਟਰੰਪ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਉਹ ਕਰੋਨਾ ਮਹਾਮਾਰੀ ਤੇ ਆਰਥਿਕ ਸੰਕਟ ਨਾਲ ਨਜਿੱਠਣ ਸਬੰਧੀ ਸਵਾਲਾਂ ਦਾ ਜਵਾਬ ਵੀ ਨਹੀਂ ਦੇ ਰਹੇ। ਭਾਰਤੀ ਮੂਲ ਦੀ ਡੈਮੋਕਰੈਟ ਸਿਆਸੀ ਆਗੂ ਸਾਰਾ ਗਿਡੀਓ ਨੇ ਕਿਹਾ ਕਿ ਜੋਅ ਬਿਡੇਨ ਦੇ ਜਿੱਤਣ ਤੇ ਡੈਮੋਕਰੈਟਾਂ ਦੇ ਸੈਨੇਟ ’ਚ ਜਾਣ ਨਾਲ ਅਮਰੀਕੀ ਅਰਥਚਾਰੇ ਨੂੰ ਲੀਹ ’ਤੇ ਲਿਆਇਆ ਜਾ ਸਕਦਾ ਹੈ। 

LEAVE A REPLY

Please enter your comment!
Please enter your name here