ਪੰਜਾਬ ਸਰਦਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ 5 ਅਗਸਤ ਤੋਂ ਸੂਬੇ ਦੇ ‘ਚ ਜਿੰਮ ਹਦਾਇਤਾਂ ਦੇ ਨਾਲ ਖੁੱਲ੍ਹਣ ਜਾ ਰਹੇ ਹਨ, ਜਿਸ ਤੋਂ ਬਾਅਦ ਮਾਲਕਾਂ ਨੂੰ ਵੱਡੀ ਰਾਹਤ ਮਿਲੀ ਹੈ। ਜਿੰਮ ਮਾਲਕ ਆਪਣੇ ਜਿੰਮ ਖੋਲ੍ਹਣ ਦੀਆਂ ਤਿਆਰੀਆਂ ਹੁਣ ਤੋਂ ਹੀ ਕਰਨ ਲੱਗ ਗਏ ਹਨ। ਉਨ੍ਹਾਂ ਨੂੰ ਆਸ ਬੱਝੀ ਹੈ ਕਿ ਹੁਣ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲ ਸਕੇਗਾ।ਇਸ ਸਬੰਧੀ ਜਿੰਮ ਮਾਲਕਾਂ ਨੇ ਕਿਹਾ ਕਿ ਉਹ ਬੀਤੇ ਚਾਰ ਮਹੀਨਿਆਂ ਤੋਂ ਇਸ ਘੜੀ ਦੀ ਉਡੀਕ ਕਰ ਰਹੇ ਸਨ। ਜਿੰਮ ਖੋਲ੍ਹਣ ਨੂੰ ਲੈ ਕੇ ਉਨ੍ਹਾਂ ਵੱਲੋਂ ਧਰਨੇ ਲਾਏ ਗਏ ਸਨ ਅਤੇ ਰੋਸ ਮੁਜ਼ਾਹਰੇ ਵੀ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਆਖ਼ਿਰਕਾਰ ਉਨ੍ਹਾਂ ਦੀ ਇਸ ਮਿਹਨਤ ਨੂੰ ਬੂਰ ਪਿਆ ਹੈ ਅਤੇ ਸਰਕਾਰ ਨੇ ਜਿੰਮ ਖੋਲ੍ਹਣ ਦਾ ਫੈਸਲਾ ਲਿਆ ਹੈ। ਮਾਲਕਾਂ ਨੇ ਜਿੱਥੇ ਸਰਕਾਰ ਦਾ ਧੰਨਵਾਦ ਕੀਤਾ ਉਥੇ ਹੀ ਇਹ ਵੀ ਕਿਹਾ ਕਿ ਉਹ ਜਿੰਮ ਖੋਲ੍ਹਣ ਨੂੰ ਲੈ ਕੇ ਪੰਜਾਬ ਦੀ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਾਰੀਆਂ ਹਦਾਇਤਾਂ ਦਾ ਧਿਆਨ ਨਾਲ ਪਾਲਣਾ ਕਰਨਗੇ ਤਾਂ ਜੋ ਉਨ੍ਹਾਂ ਰਾਹੀਂ ਕਿਸੇ ਨੂੰ ਵੀ ਇਹ ਖ਼ਤਰਨਾਕ ਬੀਮਾਰੀ ਨਾ ਲੱਗ ਸਕੇ।ਜਿੰਮ ਮਾਲਕਾਂ ਨੇ ਕਿਹਾ ਕਿ ਹੁਣ ਗੱਲ ਬਰਦਾਸ਼ਤ ਤੋਂ ਬਾਹਰ ਹੋ ਗਈ ਸੀ। ਉਹ ਮੰਗ-ਮੰਗ ਕੇ ਆਪਣੇ ਖਰਚੇ ਕੱਢ ਰਹੇ ਸਨ ਪਰ ਹੁਣ ਸਰਕਾਰ ਨੇ ਉਨ੍ਹਾਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿੰਮ ਨਾਲ ਜੁੜੇ ਹਜ਼ਾਰਾਂ ਹੀ ਟ੍ਰੇਨਰਾਂ ਨੂੰ ਵੀ ਇਸ ਨਾਲ ਰਾਹਤ ਮਿਲੀ ਹੈ ਅਤੇ ਉਨ੍ਹਾਂ ਦਾ ਜੋ ਰੋਜ਼ਗਾਰ ਖੁੱਝ ਗਿਆ ਸੀ ਉਹ ਵਾਪਸ ਆਵੇਗਾ।