ਕੋਰੋਨਾ ਲਾਗ ਦੀ ਬਿਮਾਰੀ (ਮਹਾਮਾਰੀ) ਜਲੰਧਰ ਜ਼ਿਲ੍ਹੇ ਵਿਚ ਲਗਾਤਾਰ ਮਾਰੂ ਹੁੰਦੀ ਜਾ ਰਹੀ ਹੈ। ਮੰਗਲਵਾਰ ਦਾ ਦਿਨ ਚੜ੍ਹਦੇ ਹੀ ਜਿੱਥੇ ਕੋਰੋਨਾ ਦੇ 25 ਪਾਜ਼ੇਟਿਵ ਮਰੀਜ਼ ਹੋਰ ਸਾਹਮਣੇ ਆਏ ਹਨ, ਉਥੇ ਹੀ ਇਕ 70 ਸਾਲਾ ਬੀਬੀ ਦੀ ਕੋਰੋਨਾ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਗੁਰੂ ਰਾਮਦਾਸ ਇਨਕਲੇਵ ਦੀ ਰਹਿਣ ਵਾਲੀ ਪ੍ਰੇਮ ਲਤਾ ਦੀ ਮੌਤ ਹੋ ਗਈ ਸੀ, ਜਿਸ ਦੇ ਜਾਂਚ ਲਈ ਲਏ ਨਮੂਨਿਆਂ ਦੀ ਰਿਪੋਰਟ ਹੁਣ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਕਾਰਣ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਹੁਣ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 591 ਹੋ ਗਈ ਹੈ, ਜਿਨ੍ਹਾਂ ਵਿਚੋਂ 320 ਤੋਂ ਵੱਧ ਮਰੀਜ਼ ਸਿਹਤਯਾਬ ਹੋ ਚੁੱਕੇ ਹਨ, ਜਦਕਿ 229 ਮਾਮਲੇ ਜ਼ਿਲ੍ਹੇ ਵਿਚ ਅਜੇ ਵੀ ਐਕਟਿਵ ਹਨ। ਜ਼ਿਲ੍ਹੇ ਵਿਚ ਲਗਾਤਾਰ ਵੱਧ ਰਹੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਨੇ ਜਿੱਥੇ ਸਿਹਤ ਵਿਭਾਗ ਨੂੰ ਚਿੰਤਾ ਵਿਚ ਪਾਇਆ ਹੋਇਆ ਹੈ, ਉਥੇ ਹੀ ਲੋਕਾਂ ਵਿਚ ਵੀ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ।