ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਚੱਕਰਵਾਤ ਤੂਫਾਨ ‘ਨਿਸਰਗ’ ਦੇ ਮੱਦੇਨਜ਼ਰ ਕੀ ਕਰੀਏ ਅਤੇ ਕੀ ਨਾ ਕਰੀਏ ਦੀ ਸੂਚੀ ਬੁੱਧਵਾਰ ਨੂੰ ਜਾਰੀ ਕੀਤੀ ਹੈ। ਇਸ ਚੱਕਰਵਾਤ ਦੇ ਰਾਏਗੜ੍ਹ ਦੇ ਅਲੀਬਾਗ ਸ਼ਹਿਰ ਵਿਚ ਦਸਤਕ ਦੇਣ ਦੀ ਸੰਭਾਵਨਾ ਹੈ। ਚੱਕਰਵਾਤ ਦਾ ਅਸਰ ਮੁੰਬਈ, ਪਾਲਘਰ ਅਤੇ ਠਾਣੇ ਸਮੇਤ ਹੋਰ ਤੱਟੀ ਜ਼ਿਲਿਆਂ ‘ਤੇ ਵੀ ਪੈ ਸਕਦਾ ਹੈ। ਟਵਿੱਟਰ ‘ਤੇ ਇਕ ਗ੍ਰਾਫਿਕ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਦਫ਼ਤਰ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਟੀ. ਵੀ. ਅਤੇ ਰੇਡੀਆ ‘ਤੇ ਅਧਿਕਾਰਤ ਦਿਸ਼ਾ-ਨਿਰਦੇਸ਼ਾਂ ‘ਤੇ ਧਿਆਨ ਦੇਣ ਅਤੇ ਅਫਵਾਹਾਂ ‘ਤੇ ਧਿਆਨ ਨਾ ਦੇਣ ਜਾਂ ਉਨ੍ਹਾਂ ਨੂੰ ਨਾ ਫੈਲਾਉਣ। ਠਾਕਰੇ ਨੇ ਕਿਹਾ ਕਿ ਲੋਕ ਆਪਣੇ ਘਰਾਂ ਦੇ ਬਾਹਰ ਰੱਖੀਆਂ ਢਿੱਲੀਆਂ ਚੀਜ਼ਾਂ ਨੂੰ ਬੰਨ੍ਹਣ ਅਤੇ ਬੈਟਰੀ ਨਾਲ ਚੱਲਣ ਵਾਲੇ ਯੰਤਰਾਂ ਦਾ ਨਿਯਮਿਤ ਤੌਰ ‘ਤੇ ਨਿਰੀਖਣ ਕਰਨ। ਜੇਕਰ ਕੋਈ ਵਿਅਕਤੀ ਮਿੱਟੀ ਨਾਲ ਬਣੇ ਜਾਂ ਝੋਂਪੜੀ ਵਿਚ ਨਹੀਂ ਰਹਿ ਰਿਹਾ ਹੈ ਤਾਂ ਉਸ ਨੂੰ ਆਪਣੇ ਘਰ ਦਾ ਇਕ ਕੋਨਾ ਚੁਣਨਾ ਚਾਹੀਦਾ ਹੈ, ਜਿੱਥੇ ਐਮਰਜੈਂਸੀ ਸਥਿਤੀ ‘ਚ ਸ਼ਰਨ ਲਈ ਜਾ ਸਕਦੀ ਹੈ ਅਤੇ ਇਸ ਦਾ ਅਭਿਆਸ ਕਰਨਾ ਚਾਹੀਦਾ ਹੈ ਕਿ ਚੱਕਰਵਾਤ ਦੌਰਾਨ ਪਰਿਵਾਰ ਦੇ ਸਾਰੇ ਮੈਂਬਰ ਇਸ ਥਾਂ ਦਾ ਇਸਤੇਮਾਲ ਕਿਵੇਂ ਕਰਨਗੇ।