ਚੀਨ ਨੇ ਵਧਾਈ ਤਾਕਤ, ਜ਼ਮੀਨ ਅਤੇ ਪਾਣੀ ਤੋਂ ਉਡਣ ਵਾਲੇ ਜਹਾਜ਼ ਦਾ ਕੀਤਾ ਸਫਲ ਪਰੀਖਣ

0
210

ਗਲੋਬਲ ਪੱਧਰ ‘ਤੇ ਸਭ ਤੋਂ ਵੱਧ ਸ਼ਕਤੀਸ਼ਾਲੀ ਦੇਸ਼ ਬਣਨ ਦੀ ਦਿਸ਼ਾ ਵਿਚ ਚੀਨ ਨੇ ਇਕ ਕਦਮ ਹੋਰ ਅੱਗੇ ਵਧਾਇਆ ਹੈ। ਚੀਨ ਨੇ ਐਤਵਾਰ ਨੂੰ ਆਪਣੇ ਪਹਿਲੇ ਐਂਫੀਬੀਅਸ ਜਹਾਜ਼ ਏਜੀ600 ਦਾ ਸਮੁੰਦਰ ਵਿਚ ਸਫਲ ਪਰੀਖਣ ਕੀਤਾ। ਇਹ ਜਹਾਜ਼ ਸਮੁੰਦਰ ਅਤੇ ਜ਼ਮੀਨ ਦੋਹਾਂ ਤੋਂ ਟੇਕਆਫ ਜਾਂ ਲੈਂਡ ਕਰ ਸਕਦਾ ਹੈ। ਇਸ ਨੂੰ ਚੀਨ ਦੀ ਐਵੀਏਸ਼ਨ ਇੰਡਸਟਰੀ ਕੌਰਪ ਆਫ ਚਾਈਨਾ (AVIC) ਨੇ ਬਣਾਇਆ ਹੈ। ਟੈਸਟ ਉਡਾਣ ਚੀਨ ਸੈਨਡੋਂਗ ਸੂਬੇ ਦੇ ਕਵਿੰਗਦਾਓ ਵਿਚ ਦੱਖਣੀ ਚੀਨ ਸਾਗਰ ਵਿਚ ਕੀਤੀ ਗਈ।ਚੀਨ ਵਿਚ ਹੀ ਬਣੇ ਇਸ ਕਾਰਗੋ ਜਹਾਜ਼ ਦੀ ਵਰਤੋਂ ਰਾਹਤ, ਬਚਾਅ ਅਤੇ ਸਾਮਾਨ ਪਹੁੰਚਾਉਣ ਲਈ ਕੀਤੀ ਜਾਵੇਗੀ। ਇਸ ਜਹਾਜ਼ ਨੇ ਕਵਿੰਗਦਾਓ ਦੇ ਨੇੜੇ ਸਮੁੰਦਰ ਤੋਂ ਟੇਕਆਫ ਕੀਤਾ ਅਤੇ ਇਸ ਨੂੰ ਸ਼ੈਨਡੋਂਗ ਸੂਬੇ ਦੇ ਹੀ ਰਿਝਾਓ ਹਵਾਈ ਅੱਡੇ ‘ਤੇ ਹੀ ਲੈਂਡ ਕਰਵਾਇਆ ਗਿਆ। ਗਲੋਬਲ ਟਾਈਮਜ਼ ਵਿਚ ਛਪੀ ਖਬਰ ਦੇ ਮੁਤਾਬਕ ਇਸ ਨੂੰ ਬਣਾਉਣ ਵਾਲੀ ਕੰਪਨੀ AVIC ਨੇ ਦਾਅਵਾ ਕੀਤਾ ਹੈ ਕਿ ਇਹ ਦੁਨੀਆ ਦੇ ਬਿਹਤਰੀਨ ਐਂਫੀਬੀਅਸ ਜਹਾਜ਼ਾਂ ਵਿਚੋਂ ਇਕ ਹੈ। ਇਸ ਦੀ ਪਹਿਲੀ ਜ਼ਮੀਨੀ ਉਡਾਣ ਅਤੇ ਲੈਂਡਿੰਗ ਦਸੰਬਰ 2017 ਵਿਚ ਚੀਨ ਦੇ ਗੁਆਂਗਦੋਂਗ ਸੂਬੇ ਦੇ ਝੁਹਾਈ ਵਿਚ ਸਫਲਤਾਪੂਰਵਕ ਕਰਾਈ ਗਈ ਸੀ। ਕੰਪਨੀ ਨੇ ਕਿਹਾ ਕਿ ਇਹ ਜਹਾਜ਼ ਸਮੁੰਦਰ ਦੇ ਖਾਰੇ ਪਾਣੀ ਅਤੇ ਹੁਮਸ ਭਰੇ ਮਾਹੌਲ ਦੇ ਮੁਤਾਬਕ ਬਣਾਇਆ ਗਿਆ ਹੈ। ਇਹ ਤੇਜ਼ ਲਹਿਰਾਂ ਵਾਲੇ ਸਮੁੰਦਰ ਵਿਚ ਵੀ ਟੇਕਆਫ ਜਾਂ ਲੈਂਡ ਕਰ ਸਕਦਾ ਹੈ। ਇਸ ਜਹਾਜ਼ ਦੀ ਮਦਦ ਨਾਲ ਸਮੁੰਦਰ ਵਿਚ ਮੌਜੂਦ ਚੀਨੀ ਜੰਗੀ ਜਹਾਜ਼ਾਂ, ਨਾਗਰਿਕ ਜਹਾਜ਼ਾਂ ਅਤੇ ਤੇਲ ਟੈਂਕਰਾਂ ਤੱਕ ਸਾਮਾਨ ਪਹੁੰਚਾਇਆ ਜਾ ਸਕੇਗਾ। ਨਾਲ ਹੀ ਐਮਰਜੈਂਸੀ ਵਿਚ ਇਸ ਦੀ ਮਦਦ ਨਾਲ ਰਾਹਤ ਅਤੇ ਬਚਾਅ ਕੰਮ ਵੀ ਕੀਤੇ ਜਾ ਸਕਣਗੇ। ਚੀਨ ਦੇ ਇਸ ਜਹਾਜ਼ ਦੇ ਜ਼ਮੀਨ ਅਤੇ ਪਾਣੀ ਵਿਚ ਸਫਲ ਪਰੀਖਣ ਦੇ ਬਾਅਦ ਹੁਣ ਐਵੀਏਸ਼ਨ ਇੰਡਸਟਰੀ ਮਤਲਬ ਹਵਾਬਾਜ਼ੀ ਵਿਭਾਗ ਦੇ ਮਾਹਰ ਦਾ ਮੰਨਣਾ ਹੈ ਕਿ ਜਲਦੀ ਹੀ ਚੀਨ ਇਸ ਦੀ ਵਰਤੋਂ ਸ਼ੁਰੂ ਕਰੇਗਾ ਭਾਵੇਂਕਿ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਅਗਲੇ ਸਾਲ ਚੀਨ ਦੀ ਐਵੀਏਸ਼ਨ ਇੰਡਸਟਰੀ ਨੂੰ ਸੰਚਾਲਨ ਲਈ ਸੌਂਪਿਆ ਜਾਵੇਗਾ। ਇਹ ਇਕ ਵਾਰ ਵਿਚ 12 ਟਨ ਵਜ਼ਨ ਦਾ ਸਾਮਾਨ ਚੁੱਕ ਸਕਦਾ ਹੈ। ਇਸ ਦੇ ਇਲਾਵਾ ਐਮਰਸੈਂਜੀ ਸਥਿਤੀ ਵਿਚ 50 ਲੋਕਾਂ ਨੂੰ ਬਚਾ ਸਕਦਾ ਹੈ। ਚੀਨ ਇਸ ਜਹਾਜ਼ ਦੇ ਜ਼ਰੀਏ ਦੁਨੀਆ ਭਰ ਵਿਚ ਫੈਲੇ ਆਪਣੇ ਜਹਾਜ਼ਾਂ ਤੱਕ ਸਾਮਾਨ ਅਤੇ ਇਨਸਾਨਾਂ ਨੂੰ ਪਹੁੰਚਾ ਸਕਦਾ ਹੈ। ਇਸ ਲਈ ਕਿਸੇ ਜ਼ਮੀਨੀ ਹਵਾਈ ਅੱਡੇ ਦੀ ਲੋੜ ਨਹੀਂ ਪਵੇਗੀ। ਏਜੀ600 ਜਹਾਜ਼ ਲਗਾਤਾਰ 12 ਘੰਟੇ ਤੱਕ ਉਡਾਣ ਭਰ ਸਕਦਾ ਹੈ। ਇਸ ਦੀ ਵੱਧ ਤੋਂ ਵੱਧ ਗਤੀ 500 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਇਕ ਵਾਰ ਵਿਚ ਚੀਨ ਦੇ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਜਾਣ ਵਿਚ ਸਮਰੱਥ ਹੈ। ਇਸ ਇਕ ਜਹਾਜ਼ ਨਾਲ ਚੀਨ ਜ਼ਮੀਨ ਅਤੇ ਪਾਣੀ ਦੋਹਾਂ ‘ਤੇ ਸਾਮਾਨ ਪਹੁੰਚਾ ਸਕਦਾ ਹੈ। ਦੱਖਣੀ ਚੀਨ ਸਾਗਰ ਵਿਚ ਇਸ ਸਮੇਂ ਚੀਨ ਕਈ ਦੇਸ਼ਾਂ ਦੇ ਨਾਲ ਤਣਾਅ ਦੇ ਮਾਹੌਲ ਵਿਚ ਹੈ। ਨਾਲ ਹੀ ਭਾਰਤ ਦੇ ਨਾਲ ਉਹ ਸੀਮਾ ਨੂੰ ਲੈ ਕੇ ਵਿਵਾਦ ਵਿਚ ਹੈ। ਅਜਿਹੇ ਵਿਚ ਇਹ ਜਹਾਜ਼ ਸਮੁੰਦਰ ਤੋਂ ਲੈ ਕੇ ਜ਼ਮੀਨੀ ਹਵਾਈ ਅੱਡੇ ਤੱਕ ਹਰੇਕ ਜਗ੍ਹਾ ਚੀਨ ਦੀ ਫੌਜ ਜਾਂ ਆਮ ਨਾਗਰਿਕ ਦੀ ਮਦਦ ਕਰੇਗਾ।

LEAVE A REPLY

Please enter your comment!
Please enter your name here