ਚੀਨੀ ਹਮਲੇ ਦੇ ਖਤਰੇ ਦਾ ਸਾਹਮਣਾ ਕਰ ਰਿਹਾ ਤਾਈਵਾਨ ਹੁਣ ਆਪਣੇ ਬਚਾਅ ਦੀ ਤਿਆਰੀ ਵਿਚ ਪੂਰੀ ਤਾਕਤ ਨਾਲ ਜੁੱਟ ਗਿਆ ਹੈ। ਤਾਈਵਾਨ ਅਮਰੀਕਾ ਤੋਂ 7 ਅਰਬ ਡਾਲਰ ਦੇ ਆਧੁਨਿਕ ਹਥਿਆਰ ਖਰੀਦਣ ਜਾ ਰਿਹਾ ਹੈ। ਦੋਹਾਂ ਦੇਸ਼ਾਂ ਵਿਚਾਲੇ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਮਝੌਤਾ ਹੋਵੇਗਾ। ਇਨ੍ਹਾਂ ਹਥਿਆਰਾਂ ਵਿਚ ਕਰੂਜ਼ ਮਿਜ਼ਾਈਲ, ਬਾਰੂਦੀ ਸੁਰੰਗਾਂ ਅਤੇ ਹੋਰ ਫੌਜੀ ਸਾਜੋ-ਸਮਾਨ ਸ਼ਾਮਲ ਹਨ। ਇਸ ਸਮਝੌਤੇ ਵਿਚ ਸਭ ਤੋਂ ਖਾਸ ਹਥਿਆਰ ਐੱਮ. ਕਿਊ-9ਬੀ ਰੀਪਰ ਡ੍ਰੋਨ ਜਹਾਜ਼ ਸ਼ਾਮਲ ਹਨ। ਇਨ੍ਹਾਂ ਡ੍ਰੋਨ ‘ਤੇ ਤਾਈਵਾਨ 40 ਕਰੋੜ ਡਾਲਰ ਖਰਚ ਕਰਨ ਜਾ ਰਿਹਾ ਹੈ। ਉਧਰ, ਤਾਈਵਾਨ ਨੂੰ ਨਵੇਂ ਹਥਿਆਰਾਂ ਦੀ ਵਿੱਕਰੀ ਨਾਲ ਚੀਨ ਭੜਕ ਗਿਆ ਹੈ।
ਇਸ ਸਮਝੌਤੇ ਨੂੰ ਮਿਲਾ ਦਈਏ ਤਾਂ ਅਮਰੀਕਾ ਵਿਚ ਟਰੰਪ ਪ੍ਰਸ਼ਾਸਨ ਦੇ ਕਾਰਜਕਾਲ ਵਿਚ ਹੁਣ ਤੱਕ ਤਾਈਵਾਨ ਕੁੱਲ 15 ਅਰਬ ਡਾਲਰ ਦੇ ਹਥਿਆਰ ਖਰੀਦ ਚੁੱਕਿਆ ਹੈ ਜਾਂ ਰਿਹਾ ਹੈ। ਇਸ ਤੋਂ ਪਹਿਲਾਂ ਓਬਾਮਾ ਪ੍ਰਸ਼ਾਸਨ ਦੇ 8 ਸਾਲ ਦੇ ਕਾਰਜਕਾਲ ਵਿਚ ਤਾਈਵਾਨ ਨੇ 14 ਅਰਬ ਡਾਲਰ ਦੇ ਹਥਿਆਰ ਖਰੀਦੇ ਸਨ। ਇਸ ਤੋਂ ਪਹਿਲਾਂ ਤਾਈਵਾਨ ਨੇ ਅਮਰੀਕਾ ਤੋਂ ਆਧੁਨਿਕ ਹਥਿਆਰ ਖਰੀਦੇ ਸਨ ਪਰ ਹੁਣ ਕਰੂਜ਼ ਮਿਜ਼ਾਈਲਾਂ ਅਤੇ ਡ੍ਰੋਨ ਦੀ ਖਰੀਦ ਨਾਲ ਚੀਨ ‘ਤੇ ਹੋਰ ਜ਼ਿਆਦਾ ਦਬਾਅ ਵਧ ਜਾਵੇਗਾ।
ਡੀਲ ਨੂੰ ਦੇਖਦੇ ਹੋਏ ਚੀਨ ਵੀ ਅਲਰਟ
ਇਹੀਂ ਕਾਰਨ ਹੈ ਕਿ ਇਸ ਨਵੇਂ ਸਮਝੌਤੇ ਨੂੰ ਦੇਖਦੇ ਹੋਏ ਚੀਨ ਵੀ ਅਲਰਟ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਅਮਰੀਕਾ ਸਮਝੌਤੇ ਨੂੰ ਇਜਾਜ਼ਤ ਦਿੰਦਾ ਹੈ ਤਾਂ ਚੀਨ ਤਾਈਵਾਨ ‘ਤੇ ਕਬਜ਼ੇ ਦੇ ਆਪਣੇ ਅਭਿਆਨ ਨੂੰ ਤੇਜ਼ ਕਰ ਸਕਦਾ ਹੈ। ਮਾਹਿਰਾਂ ਦਾ ਆਖਣਾ ਹੈ ਕਿ ਇਸ ਸਮਝੌਤੇ ਨਾਲ ਚੀਨ ਆਪਣੇ ਤਾਈਵਾਨ ‘ਤੇ ਕਬਜ਼ੇ ਦੇ ਦਾਅਵੇ ਨੂੰ ਹੋਰ ਮਜ਼ਬੂਤ ਕਰ ਦੇਵੇਗਾ। ਉਨ੍ਹਾਂ ਦਾ ਇਹ ਵੀ ਆਖਣਾ ਹੈ ਕਿ ਇਸ ਸਮਝੌਤੇ ਨਾਲ ਚੀਨ ਦੀ ਕਮਿਊਨਿਸਟ ਪਾਰਟੀ ਵਿਚ ਵੀ ਨਰਾਜ਼ਗੀ ਵਧ ਸਕਦੀ ਹੈ।
ਬ੍ਰਿਟਿਸ਼ ਮਾਹਿਰ ਸਟੀਨ ਤਸਾਂਗ ਨੇ ਆਖਿਆ ਕਿ ਇਸ ਸਮਝੌਤੇ ਨਾਲ ਚੀਨ ਬਹੁਤ ਜ਼ਿਆਦਾ ਨਰਾਜ਼ ਹੋ ਜਾਵੇਗਾ। ਮੈਨੂੰ ਡਰ ਹੈ ਕਿ ਚੀਨ ਇਸ ਇਲਾਕੇ ਵਿਚ ਹੋਰ ਜ਼ਿਆਦਾ ਜੰਗੀ ਅਭਿਆਸ ਵਧਾ ਸਕਦਾ ਹੈ। ਦੱਸ ਦਈਏ ਕਿ ਸਾਲ 1979 ਦੇ ਕਾਨੂੰਨ ਮੁਤਾਬਕ ਅਮਰੀਕਾ ਤਾਈਵਾਨ ਨੂੰ ਉਸ ਦੀ ਰੱਖਿਆ ਲਈ ਲੋੜੀਂਦੇ ਹਥਿਆਰ ਮੁਹੱਈਆ ਕਰਾਉਣ ਲਈ ਮਜ਼ਬੂਰ ਹੈ। ਆਖਿਆ ਜਾ ਰਿਹਾ ਹੈ ਕਿ ਜੇਕਰ 7 ਅਰਬ ਡਾਲਰ ਦੇ ਹਥਿਆਰਾਂ ਦਾ ਸਮਝੌਤਾ ਹੁੰਦਾ ਹੈ ਤਾਂ ਇਹ ਅਮਰੀਕਾ ਅਤੇ ਤਾਈਵਾਨ ਦੇ ਰੱਖਿਆ ਸਮਝੌਤੇ ਤੋਂ ਬਾਅਦ ਸਭ ਤੋਂ ਵੱਡਾ ਸਮਝੌਤਾ ਹੋਵੇਗਾ।
ਤਾਈਪੇ ਝੁਕਣ ਲਈ ਤਿਆਰ ਹੁੰਦਾ ਨਹੀਂ ਦਿੱਖ ਰਿਹਾ
ਚੀਨ ਭਾਵੇਂ ਹੀ ਤਾਈਵਾਨ ਨੂੰ ਫੌਜੀ ਸ਼ਕਤੀ ਦਿਖਾ ਕੇ ਉਸ ਨੂੰ ਹਾਸਲ ਕਰਨਾ ਚਾਹੁੰਦਾ ਹੈ, ਪਰ ਤਾਈਪੇ ਝੁਕਣ ਲਈ ਤਿਆਰ ਹੁੰਦਾ ਨਹੀਂ ਦਿਖ ਰਿਹਾ ਹੈ। ਤਾਈਵਾਨ ਦੀ ਫੌਜ ਨੇ ਸਾਫ ਕੀਤਾ ਹੈ ਕਿ ਉਹ ਭਾਂਵੇ ਹੀ ਕਿਸੇ ਨਾਲ ਦੁਸ਼ਮਣੀ ਨਾ ਵਧਾਵੇ, ਪਰ ਆਪਣੇ ਖਿਲਾਫ ਵਿਰੋਧੀ ਐਕਸ਼ਨ ‘ਤੇ ਚੁੱਪ ਨਹੀਂ ਰਹੇਗਾ। ਤਾਈਵਾਨ ਦੀ ਫੌਜ ਨੇ ਵੀ ਹੁਣ ਆਪਣੇ ਇਰਾਦਿਆਂ ਦੀ ਝਲਕ ਦਿਖਾਈ ਹੈ। ਟਵਿੱਟਰ ‘ਤੇ ਸ਼ੇਅਰ ਕੀਤੀ ਵੀਡੀਓ ਦੇ ਨਾਲ ਲਿਖਿਆ ਹੈ ਕਿ ਸਾਡੇ ਦੇਸ਼ ਦੀ ਸੁਰੱਖਿਆ ਕਰਨ ਲਈ ਸਾਡੇ ਸਮਰਪਣ ਨੂੰ ਕੋਈ ਘੱਟ ਨਾ ਸਮਝੇ। ਸਾਡੀ ਫੌਜ ਕਿਸੇ ਨਾਲ ਦੁਸ਼ਮਣੀ ਨਹੀਂ ਕਰੇਗੀ ਪਰ ਵਿਰੋਧੀ ਗਤੀਵਿਧੀਆਂ ‘ਤੇ ਪ੍ਰਤੀਕਿਰਿਆ ਦੇਵੇਗੀ।