ਮਨੁੱਖੀ ਅਧਿਕਾਰਾਂ ਦੀ ਸੰਸਥਾ ‘ਐਮਨੇਸਟੀ ਇੰਟਰਨੈਸ਼ਨਲ’ ਮੁਤਾਬਕ ਚੀਨ ਉਇਗਰ ਪਰਿਵਾਰਾਂ ਤੋਂ ਉਨ੍ਹਾਂ ਦੇ ਛੋਟੇ ਬੱਚਿਆਂ ਨੂੰ ਜ਼ਬਰਦਸ਼ਤੀ ਵੱਖ ਕਰ ਸਰਕਾਰੀ ਯਤੀਮਖਾਨਿਆਂ ਵਿਚ ਭੇਜ ਦਿੱਤਾ ਹੈ। ਆਪਣੀ ਇਕ ਤਾਜ਼ਾ ਰਿਪੋਰਟ ਵਿਚ ਐਮਨੇਸਟੀ ਨੇ ਚੀਨ ਤੋਂ ਅਪੀਲ ਕੀਤੀ ਹੈ ਕਿ ਪਰਿਵਾਰਾਂ ਦੀ ਸਹਿਮਤੀ ਤੋਂ ਬਿਨਾਂ ਯਤੀਮਖਾਨਿਆਂ ਵਿਚ ਰੱਖੇ ਗਏ ਸਾਰੇ ਉਹ ਉਇਗਰ ਬੱਚਿਆਂ ਨੂੰ ਤੁਰੰਤ ਰਿਹਾ ਕਰੇ। ਸੰਸਥਾ ਨੇ ਆਪਣੀ ਇਸ ਰਿਪੋਰਟ ਲਈ ਚੀਨ ਤੋਂ ਬਾਹਰ ਰਹਿ ਰਹੇ ਬੱਚਿਆਂ ਦੇ ਮਾਂ-ਬਾਪ ਨਾਲ ਗੱਲਬਾਤ ਕੀਤੀ। ਅਸਲ ਵਿਚ ਚੀਨ ਛੱਡਣ ਲਈ ਮਜ਼ਬੂਰ ਕੀਤੇ ਗਏ ਲੋਕਾਂ ਨੇ ਬਾਹਰ ਜਾਂਦੇ ਵੇਲੇ ਆਪਣੇ ਬੱਚਿਆਂ ਨੂੰ ਦੇਸ਼ ਵਿਚ ਮੌਜੂਦ ਆਪਣੇ ਰਿਸ਼ਤੇਦਾਰਾਂ ਕੋਲ ਛੱਡ ਦਿੱਤਾ ਸੀ।ਐਮਨੇਸਟੀ ਦਾ ਦਾਅਵਾ ਹੈ ਕਿ ਚੀਨ ਦੀ ਹਿਰਾਸਤ ਵਿਚ 10 ਲੱਖ ਤੋਂ ਜ਼ਿਆਦਾ ਉਇਗਰ ਹਨ। ਚੀਨ ‘ਤੇ ਦੋਸ਼ ਹੈ ਕਿ ਸਰਕਾਰ ਨੇ ਉਇਗਰ ਲੋਕਾਂ ਅਤੇ ਹੋਰਨਾਂ ਮੁਸਲਮਾਨ ਘੱਟ ਗਿਣਤੀ ਭਾਈਚਾਰਿਆਂ ਖਿਲਾਫ ਮਨੁੱਖੀ ਅਧਿਕਾਰਾਂ ਦਾ ਜਮ੍ਹ ਕੇ ਗਲਤ ਇਸਤੇਮਾਲ ਕੀਤਾ ਹੈ। ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਉਇਗਰਾਂ ਤੋਂ ਨਾ ਸਿਰਫ ਬੰਧੂਆ ਮਜ਼ਦੂਰੀ ਕਰਵਾ ਰਹੀ ਹੈ ਬਲਕਿ ਜ਼ਬਰਦਸ਼ਤੀ ਨਸਬੰਦੀ, ਸੈਕਸ ਸ਼ੋਸ਼ਣ ਅਤੇ ਬਲਾਤਕਾਰ ਵੀ ਕੀਤਾ ਗਿਆ ਹੈ। ਹਾਲਾਂਕਿ ਸਰਕਾਰ ਇਸ ਗੱਲ ਤੋਂ ਇਨਕਾਰ ਕਰਦੀ ਹੈ ਕਿ ਉੱਤਰ-ਪੱਛਮ ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਉਇਗਰ ਲੋਕਾਂ ਨੂੰ ਹਿਰਾਸਤ ਵਿਚ ਰੱਖਿਆ ਗਿਆ ਹੈ। ਚੀਨ ਦਾ ਦਾਅਵਾ ਹੈ ਕਿ ਉਸ ਦੇ ਲਾਏ ਗਏ ਕੈਂਪ ਵਿਚ ਅੱਤਵਾਦ ਨਾਲ ਲੱੜਣ ਲਈ ਉਇਗਰਾਂ ਨੂੰ ਫਿਰ ਤੋਂ ਸਿੱਖਿਅਤ ਕੀਤਾ ਜਾ ਰਿਹਾ ਹੈ।
ਸ਼ਿਨਜਿਆਂਗ ਸੂਬੇ ਦੇ ਰਸਤਿਆਂ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਹੋਣ ਕਾਰਣ ਐਮਨੇਸਟੀ ਨੇ ਉਨ੍ਹਾਂ ਉਇਗਰਾਂ ਨਾਲ ਗੱਲਬਾਤ ਕੀਤੀ ਹੈ ਜੋ 2017 ਵਿਚ ਦਮਨ ਤੇਜ਼ ਹੋਣ ਤੋਂ ਪਹਿਲਾਂ ਸ਼ਿਨਜਿਆਂਗ ਤੋਂ ਭੱਜ ਗਏ ਸਨ। ਗਰੁੱਪ ਮੁਤਾਬਕ ਮਿਹੀਰਬਨ ਕਾਦਰ ਅਤੇ ਅਬਲਿਕੀਮ ਮਮਤਿਨੀਨ ਪੁਲਸ ਦੇ ਪਰੇਸ਼ਾਨ ਕਰਨ ਤੋਂ ਬਾਅਦ ਸ਼ਿਨਜਿਆਂਗ ਤੋਂ 2016 ਵਿਚ ਭੱਜ ਗਏ ਸਨ। ਐਮਨੇਸਟੀ ਇੰਟਰਨੈਸ਼ਨਲ ਨੂੰ ਉਨ੍ਹਾਂ ਨੇ ਦੱਸਿਆ ਕਿ ਦਾਦਾ-ਦਾਦੀ ਦੀ ਦੇਖ-ਰੇਖ ਵਿਚ ਉਹ 4 ਬੱਚੇ ਛੱਡ ਆਏ ਸਨ। ਉਸ ਤੋਂ ਬਾਅਦ ਪੁਲਸ ਨੇ ਬੱਚਿਆਂ ਦੀ ਦਾਦੀ ਨੂੰ ਡਿਟੈਂਸ਼ਨ ਕੈਂਪ ਵਿਚ ਭੇਜ ਦਿੱਤਾ ਜਦਕਿ ਦਾਦੇ ਤੋਂ ਪੁਲਸ ਨੇ ਪੁੱਛਗਿਛ ਕੀਤੀ। ਮਿਹੀਰਬਨ ਕਾਦਰ ਨੇ ਕਿਹਾ ਕਿ ਸਾਡੇ ਮਾਂ-ਬਾਪ ਨਾਲ ਅਜਿਹੇ ਵਿਹਾਰ ਤੋਂ ਬਾਅਦ ਸਾਡੇ ਦੂਜੇ ਰਿਸ਼ਤੇਦਾਰਾਂ ਨੇ ਮੇਰੇ ਬੱਚਿਆਂ ਦੀ ਦੇਖ-ਰੇਖ ਕਰਨ ਦੀ ਹਿੰਮਤ ਨਹੀਂ ਕੀਤੀ ਕਿਉਂਕਿ ਡਰ ਸੀ ਕਿ ਉਨ੍ਹਾਂ ਨੂੰ ਵੀ ਕੈਂਪਾਂ ਵਿਚ ਭੇਜ ਦਿੱਤਾ ਜਾਵੇਗਾ।
ਐਮਨੇਸਟੀ ਇੰਟਰਨੈਸ਼ਨਲ ਮੁਤਾਬਕ ਨਵੰਬਰ 2019 ਵਿਚ ਮਿਹੀਰਬਨ ਅਤੇ ਅਬਲੀਕਿਮ ਨੂੰ ਇਟਲੀ ਦੀ ਸਰਕਾਰ ਨੇ ਬੱਚਿਆਂ ਨੂੰ ਆਪਣੇ ਨਾਲ ਲਿਆਉਣ ਲਈ ਇਕ ਪਰਮਿਟ ਦਿੱਤਾ ਸੀ ਪਰ ਚੀਨ ਦੀ ਪੁਲਸ ਨੇ ਬੱਚਿਆਂ ਨੂੰ ਰਸਤੇ ਵਿਚ ਫੜ ਕੇ ਉਨ੍ਹਾਂ ਨੂੰ ਰਹਿਣ ਲਈ ਇਕ ਸਰਕਾਰੀ ਯਤੀਨਖਾਨੇ ਵਿਚ ਭੇਜ ਦਿੱਤਾ। ਮਿਹੀਰਬਨ ਮੁਤਾਬਕ ਉਨ੍ਹਾਂ ਦੇ ਬੱਚੇ ਹੁਣ ਚੀਨੀ ਸਰਕਾਰ ਦੇ ਕਬਜ਼ੇ ਵਿਚ ਹਨ ਅਤੇ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਹ ਕਦੇ ਉਨ੍ਹਾਂ ਨੂੰ ਮਿਲ ਪਾਉਣਗੇ। ਐਮਨੇਸਟੀ ਨੇ 2016 ਵਿਚ ਤੁਰਕੀ ਭੱਜਣ ਵਾਲੇ ਓਮਰ ਅਤੇ ਮਰੀਅਮ ਫਾਰੂਹ ਦਾ ਕਿੱਸਾ ਵੀ ਦੱਸਿਆ ਹੈ। ਇਸ ਮੁਤਾਬਕ ਜੋੜੇ ਕੋਲ ਕੋਈ ਯਾਤਰਾ ਸਬੰਧੀ ਦਸਤਾਵੇਜ਼ ਨਹੀਂ ਸਨ ਲਿਹਾਜ਼ਾ ਉਨ੍ਹਾਂ ਨੇ ਆਪਣੇ 2 ਛੋਟੇ ਬੱਚਿਆਂ ਨੂੰ ਉਨ੍ਹਾਂ ਦੇ ਦਾਦਾ-ਦਾਦੀ ਕੋਲ ਛੱਡ ਦਿੱਤਾ ਸੀ ਪਰ ਬਾਅਦ ਵਿਚ ਪਤਾ ਲੱਗਾ ਕਿ ਬੱਚਿਆਂ ਦੇ ਦਾਦਾ-ਦਾਦੀ ਨੂੰ ਗ੍ਰਿਫਤਾਰ ਕਰਨ ਇਕ ਕੈਂਪ ਵਿਚ ਭੇਜ ਦਿੱਤਾ ਗਿਆ ਹੈ ਜਦਕਿ ਬੱਚਿਆਂ ਦਾ ਕੋਈ ਅਤਾ-ਪਤਾ ਨਾ ਲੱਗਾ।ਐਮਨੇਸਟੀ ਇੰਟਰਨੈਸ਼ਨਲ ਨੇ ਚੀਨ ਦੀ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮਾਹਿਰਾਂ, ਸੁਤੰਤਰ ਖੋਜਕਾਰਾਂ ਅਤੇ ਪੱਤਰਕਾਰਾਂ ਨੂੰ ਬਿਨਾਂ ਕਿਸੇ ਅੜਿੱਕੇ ਦੇ ਸ਼ਿਨਜਿਆਂਗ ਜਾਣ ਦਾ ਇੰਤਜ਼ਾਮ ਕਰਨ। ਉਥੇ ਬਿਨਾਂ ਮਾਂ-ਬਾਪ ਦੀ ਸਹਿਮਤੀ ਦੇ ਯਤੀਮਖਾਨਿਆਂ ਵਿਚ ਰੱਖੇ ਗਏ ਬੱਚਿਆਂ ਨੂੰ ਛੱਡਣ ਦੀ ਵੀ ਅਪੀਲ ਕੀਤੀ ਗਈ ਹੈ। ਐਮਨੇਸਟੀ ਇੰਟਰਨੈਸ਼ਨਲ ਲਈ ਕੰਮ ਕਰ ਰਹੇ ਚੀਨੀ ਖੋਜਕਾਰ ਨੇ ਦੱਸਿਆ ਕਿ ਚੀਨ ਦੀ ਇਸ ਮੁਹਿੰਮ ਨੇ ਸ਼ਿਨਜਿਆਂਗ ਵਿਚ ਆਪਣੇ ਪਰਿਵਾਰਾਂ ਤੋਂ ਵੱਖ ਹੋ ਜਾਣ ਵਾਲਿਆਂ ਨੂੰ ਅਜੀਬ ਜਿਹੀ ਲਾਚਾਰੀ ਵਿਚ ਪਾ ਦਿੱਤਾ ਹੈ। ਬੱਚਿਆਂ ਨੂੰ ਜਿਥੇ ਯਤੀਨਖਾਨੇ ਤੋਂ ਛੱਡਣ ਦੀ ਇਜਾਜ਼ਤ ਨਹੀਂ ਹੈ। ਉਥੇ ਇਨ੍ਹਾਂ ਦੇ ਮਾਤਾ-ਪਿਤਾ ਜੇ ਆਪਣੇ ਬੱਚਿਆਂ ਲਈ ਦੇਸ਼ ਪਰਤਦੇ ਹਨ ਤਾਂ ਉਨ੍ਹਾਂ ਨੂੰ ਉਤਪੀੜਣ ਅਤੇ ਮਨਮਾਨੀ ਹਿਰਾਸਤ ਦਾ ਸਾਹਮਣਾ ਕਰਨਾ ਪੈਂਦਾ ਹੈ। ਚੀਨ ਨੇ ਸ਼ਿਨਜਿਆਂਗ ਵਿਚ ਡਿਟੈਂਸ਼ਨ ਕੈਂਪ ਦਾ ਇਕ ਵਿਸ਼ਾਲ ਅਤੇ ਖੁਫੀਆ ਨੈੱਟਵਰਕ ਬਣਾਇਆ ਹੈ। ਇਕ ਅੰਦਾਜ਼ੇ ਮੁਤਾਬਕ ਇਸ ਵਿਚ 10 ਲੱਖ ਤੋਂ ਜ਼ਿਆਦਾ ਉਇਗਰ ਅਤੇ ਹੋਰ ਮੁਸਲਮਾਨ ਘੱਟ ਗਿਣਤੀ ਭਾਈਚਾਰਿਆਂ ਨੂੰ ਹਿਰਾਸਤ ਵਿਚ ਰੱਖਿਆ ਗਿਆ ਹੈ। ਉਥੇ ਅਮਰੀਕਾ, ਕੈਨੇਡਾ ਅਤੇ ਨੀਦਰਲੈਂਡ ਨੇ ਐਲਾਨ ਕੀਤਾ ਹੈ ਕਿ ਚੀਨ ਦੀ ਸਰਕਾਰ ਉਇਗਰ ਲੋਕਾਂ ਦਾ ਸਮੂਹਿਕ ਕਤਲੇਆਮ ਕਰ ਰਹੀ ਹੈ।