ਘਰ ਵਿਚ ਬੱਚਿਆਂ ਨੂੰ ਸਹਿਣਸ਼ੀਲ ਕਿਵੇਂ ਬਣਾਈਏ ?

0
204

ਬੱਚਾ ਕੁਦਰਤ ਦੀ ਸਭ ਤੋਂ ਵੱਡੀ ਕਰਾਮਾਤ ਹੈ। ਇਸ ਕਰਾਮਾਤ ਵਿਚ ਹੀ ਸਾਰੇ ਸੰਸਾਰ ਦਾ ਭਵਿੱਖ ਲੁਕਿਆ ਹੋਇਆ ਹੈ। ਇਸ ਲਈ ਸਭ ਤੋਂ ਮਹੱਤਵਪੂਰਨ ਬੱਚਾ ਹੈ, ਜਿਸ ਪ੍ਰਤੀ ਸਾਨੂੰ ਬਹੁਤ ਚੇਤੰਨ ਹੋਣ ਦੀ ਲੋੜ ਹੈ। ਮਨੋਵਿਗਿਆਨੀ ਲਿਖਦੇ ਹਨ ਕਿ ਬੱਚੇ ਦੀ ਸ਼ਖਸ਼ੀਅਤ ਦੇ ਨਿਰਮਾਣ ਵਿਚ ਜੱਦ ਅਤੇ ਵਾਤਾਵਰਨ ਹਿੱਸਾ ਪਾਉਂਦੇ ਹਨ। ਮਾੜੀ ਜੱਦ ਦੇ ਪ੍ਰਭਾਵ ਨੂੰ ਚੰਗੇ ਵਾਤਾਵਰਨ ਨਾਲ ਬਦਲਿਆ ਜਾ ਸਕਦਾ ਹੈ। ਸੋ ਅੱਜ ਦੀ ਤੇਜ ਰਫ਼ਤਾਰ ਜ਼ਿੰਦਗੀ ਵਿਚ ਅਸੀਂ ਬੱਚਿਆਂ ਵੱਲ ਜ਼ਿਆਦਾ ਧਿਆਨ ਨਹੀਂ ਦੇ ਰਹੇ।

ਕੰਮ ਕਾਜ਼ੀ ਮਾਪੇ ਰੋਟੀ ਰੋਜ਼ੀ ਦੇ ਚੱਕਰ ਵਿਚ ਬੱਚਿਆਂ ਨੂੰ ਇਕੱਲੇ ਛੱਡ ਕੇ, ਇੰਟਰਨੈੱਟ ਜਾਂ ਟੀ. ਵੀ. ਦੇ ਹਵਾਲੇ ਕਰੀ ਜਾ ਰਹੇ ਹਨ। ਜਦਕਿ ਇਨ੍ਹਾਂ ਸਾਧਨਾਂ ਦੀ ਵਰਤੋਂ ਬੜੇ ਸੁਚੱਜੇ ਢੰਗ ਨਾਲ ਕਰਨ ਦੀ ਲੋੜ ਹੈ। ਬੱਚਾ ਮਾਸੂਮ ਹੈ। ਉਸਦੀ ਮਾਸੂਮੀਅਤ ਦਾ ਲਾਭ ਉਠਾਕੇ ਵਪਾਰੀ ਲੋਕ ਉਸਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ। ਉਹ ਉਸ ਪਾਸੇ ਲਈ ਜਾ ਰਹੇ ਹਨ, ਜਿਸ ਪਾਸੇ ਨਹੀਂ ਜਾਣਾ ਚਾਹੀਦਾ। ਇੰਟਰਨੈੱਟ ਦਾ ਨਾਕਰਾਤਮਕ ਪ੍ਰਭਾਵ ਇੰਨੇ ਗਹਿਰੇ ਹੋ ਗਏ ਹਨ ਕਿ ਕਈ ਕਲੀਆਂ ਅਤੇ ਫ਼ੁੱਲ ਖਿੜਨ ਤੋਂ ਪਹਿਲਾਂ ਹੀ ਮੁਰਝਾਉਣ ਲੱਗ ਪਏ ਹਨ।

ਸਿੰਗਲ ਫ਼ੈਮਲੀ ਸਿਸਟਮ
ਸਿੰਗਲ ਫ਼ੈਮਲੀ ਸਿਸਟਮ ਵਿਚ ਬੱਚੇ ਨੂੰ ਦਾਦੀ-ਨਾਨੀ ਦਾ ਲਾਡ ਨਹੀਂ ਮਿਲ ਰਿਹਾ। ਨਾ ਹੀਂ ਉਹ ਕਥਾ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ। ਜਿਨ੍ਹਾਂ ਨਾਲ ਉਸਦੇ ਜੀਵਨ ‘ਤੇ ਨਿਖਾਰ ਆਉਣਾ ਹੁੰਦਾ ਹੈ। ਸਿਰਫ਼ ਨੌਕਰਾਂ ਤੇ ਨੌਕਰਾਣੀਆਂ ਦੇ ਹੱਥਾਂ ਵਿਚ ਉਨ੍ਹਾਂ ਦਾ ਪਾਲਣ ਪੋਸ਼ਣ ਹੋ ਰਿਹਾ ਹੈ। ਹਾਈ ਫ਼ਾਈ ਸੁਸਾਇਟੀ ਵਿਚ ਤਾਂ ਬੱਚਿਆਂ ਦੀ ਕਈ ਕਈ ਦਿਨ ਮਾਪਿਆਂ ਨਾਲ ਮੁਲਾਕਾਤ ਵੀ ਨਹੀਂ ਹੁੰਦੀ ਹੈ। ਉਹ ਨੌਕਰੀ ਅਤੇ ਬਿਜਨੈਸ ਦੇ ਚੱਕਰ ਵਿਚ ਆਪਣਾ ਨਿੱਜੀ ਸੰਸਾਰ ਹੀ ਭੁੱਲੀ ਫ਼ਿਰਦੇ ਹਨ।
 
ਵੱਡਿਆਂ ਦਾ ਆਦਰ ਕਰਨਾ ਭੁੱਲੇ ਬੱਚੇ
ਮਾਡਰਨ ਜ਼ਮਾਨੇ ਦੀ ਖੁੱਲ੍ਹ ਖੇਲ੍ਹ ਨੇ ਵੀ ਬਾਲ ਮਾਨਸਿਕਤਾ ਨੂੰ ਪ੍ਰਭਾਵਿਤ ਕੀਤਾ ਹੈ। ਅੱਜਕਲ ਸਾਡਾ ਬੱਚਿਆਂ ਨਾਲੋਂ ਨਾਤਾ ਟੁੱਟ ਗਿਆ ਹੈ। ਆਪਸੀ ਸੰਵਾਦ ਦੀ ਕਮੀ ਕਾਰਨ ਹੀ ਬੱਚੇ ਕੁਰਾਹੇ ਪੈ ਕੇ ਸਭ ਕੁੱਝ ਬਰਬਾਦ ਕਰਨ ਲੱਗ ਪਏ ਹਨ। ਪਿੰਡਾਂ ਵਿਚ ਵੀ ਹੁਣ ਬੱਚਿਆਂ ਨੂੰ ਬੋਹੜਾਂ ਹੇਠ ਜਾਂ ਹੋਰ ਸਾਂਝੀਆਂ ਥਾਵਾਂ ਤੇ ਵੱਡਿਆਂ ਦੀ ਸੰਗਤ ਨਸੀਬ ਨਹੀਂ ਹੋ ਰਹੀ। ਇਸੇ ਕਰਕੇ ਉਹ ਵੱਡਿਆਂ ਦਾ ਆਦਰ ਭੁੱਲੀ ਜਾ ਰਹੇ ਹਨ।
 
ਨੈਤਿਕ ਕਦਰਾਂ ਕੀਮਤਾਂ ਦੀ ਲੋੜ
ਦੂਜੇ ਬੰਨੇ ਮੀਡੀਆ ਵੱਲੋਂ, ਜੋ ਪਰੋਸਿਆ ਜਾ ਰਿਹਾ, ਉਹ ਵੀ ਕਿਸੇ ਤੋਂ ਗੁੱਝਾ ਨਹੀਂ ਹੈ। ਮਾਪੇ ਬੱਚਿਆਂ ਹੱਥ ਚੰਗੀਆਂ ਕਿਤਾਬਾਂ ਦੇਣ ਦੀ ਬਜਾਏ ਬੰਦੂਕਾਂ ਤੇ ਪਿਸਤੋਲਾਂ ਦੇ ਖਿਡੌਣੇ ਫੜਾ ਰਹੇ ਹਨ। ਅਸਲ ਵਿਚ ਉਹ ਇਸ ਗੱਲ ਵਿਚ ਆਪਣਾ ਮਾਣ ਮਹਿਸੂਸ ਕਰਦੇ ਹਨ ਅਤੇ ਪੁਸਤਕਾਂ ਨੂੰ ਵਾਧੂ ਸਮਝਦੇ ਹਨ। ਜਦਕਿ ਜੀਵਨ ਨੂੰ ਸ਼ਿੰਗਾਰਨ ਵਿਚ ਕਿਤਾਬ ਦੀ ਭੂਮਿਕਾ ਬੜੀ ਅਹਿਮ ਹੈ। ਸੋ ਲੋੜ ਹੈ ਉਨ੍ਹਾਂ ਹੱਥ ਰੌਚਕ ਅਤੇ ਉਮਰ ਗੁੱਟ ਅਨੁਸਾਰ ਬਾਲ ਕਿਤਾਬਾਂ ਫੜਾਉਣ ਦੀ, ਜਿਨ੍ਹਾਂ ਨਾਲ ਉਨ੍ਹਾਂ ਅੰਦਰ ਨੈਤਿਕ ਕਦਰਾਂ ਕੀਮਤਾਂ ਦਾ ਵਿਕਾਸ ਹੋ ਸਕੇ।
 
ਚੰਗੀ ਸੰਗਤ ਦੀ ਲੋੜ
ਬੱਚਿਆਂ ਦੀ ਸੰਗਤ ਵੱਲ ਹਰ ਮਾਪੇ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ। ਬੱਚਿਆਂ ਪ੍ਰਤੀ ਸਰਕਾਰਾਂ ਨੇ ਕਦੀ ਸੁਹਿਰਦਤਾ ਨਾਲ ਕਾਰਜ ਨਹੀਂ ਕੀਤਾ, ਕਿਉਂਕਿ ਉਹ ਵੋਟਰ ਨਹੀਂ ਹਨ। ਅੱਜ ਦੇ ਬੱਚਿਆਂ ਕੋਲ ਕਿਸੇ ਦੀ ਗੱਲ ਸੁਣਨ ਦੀ ਹਿੰਮਤ ਨਹੀਂ ਰਹੀ। ਸ਼ਾਇਦ ਸਾਡੇ ਘਰਾਂ ਵਿਚ ਹੁਣ ਅਜਿਹਾ ਮਾਹੌਲ ਹੀ ਨਹੀਂ ਰਿਹਾ। ਸਭ ਆਪੋ ਆਪਣੀ ਕਹਿਣ ਅਤੇ ਮਰਜ਼ੀ ਕਰਨ ਵਿਚ ਹੀ ਮਾਣ ਮਹਿਸੂਸ ਕਰਦੇ ਹਨ। ਜੇਕਰ ਅਸੀਂ ਖੁਦ ਵੱਡਿਆਂ ਦੀ ਗੱਲ ਗੌਰ ਨਾਲ ਸੁਣੀਏ ਤਾਂ ਬੱਚਿਆਂ ਵਿਚ ਵੀ ਅਜਿਹੇ ਗੁਣ ਪੈਦਾ ਹੋ ਸਕਦੇ ਹਨ।

ਕਾਰਨ ਸਪੱਸ਼ਟ ਹੈ ਕਿ ਮਾਪੇ ਉਨ੍ਹਾਂ ਦੀ ਹਰ ਖਾਹਿਸ਼ ਬਿਨਾ ਲੋੜ ਦੇ ਵੀ ਪੂਰੀ ਕਰੀ ਜਾ ਰਹੇ ਹਨ। ਜਦੋਂ ਉਨ੍ਹਾਂ ਦੀ ਹਰ ਗੱਲ ਘਰ ਵਿਚ ਮੰਨੀ ਜਾਂਦੀ ਹੈ ਤਾਂ ਉਹ ਮਨ ਮਰਜੀ ਦੇ ਆਦੀ ਹੋ ਜਾਂਦੇ ਹਨ। ਜਿਸ ਕਰਕੇ ਕਿਸੇ ਦੀ ਕਹੀ ਗੱਲ ਉਨ੍ਹਾਂ ਨੂੰ ਝੱਟ ਚੁੱਭ ਜਾਂਦੀ ਹੈ ਅਤੇ ਉਹ ਗੁੱਸੇ ਵਿਚ ਆ ਕੇ ਮਾੜਾ ਚੰਗਾ ਕਰ ਬੈਠਦੇ ਹਨ। ਅਜਿਹੀਆਂ ਮਾੜੀਆਂ ਸਥਿਤੀਆਂ ਤੋਂ ਬਚਣ ਲਈ ਮਾਪਿਆਂ ਨੂੰ ਇਹ ਗੱਲ ਹਰ ਹਾਲ ਘਰ ਦੇ ਮਾਹੌਲ ਵਿਚ ਪੈਦਾ ਕਰਨੀ ਪਵੇਗੀ ਕਿ ਉਹ ਵੱਡਿਆਂ ਦੀ ਗੱਲ ਨੂੰ ਸੁਣਨ ਦਾ ਆਦੀ ਬਣਨ।
 
ਬੱਚਿਆਂ ਨੂੰ ਬਣਾਉ ਸਹਿਣਸ਼ੀਲ
ਸੋ ਅੱਜ ਮਾਪਿਆਂ ਅੱਗੇ ਸਭ ਤੋਂ ਵੱਡੀ ਸਮੱਸਿਆ ਹੈ ਬੱਚੇ ਨੂੰ ਸਹਿਣਸ਼ੀਲ ਬਨਾਉਣ ਦੀ। ਇਹ ਤਦ ਤਕ ਹੀ ਸੰਭਵ ਹੋ ਸਕਦਾ ਹੈ ਜੇਕਰ ਮਾਪਿਆਂ ਨੇ ਉਸਨੂੰ ਸੁਣਨ ਦੀ ਆਦਤ ਸਿਖਾਈ ਹੋਵੇਗੀ। ਜੇਕਰ ਘਰ ਵਿਚ ਬੱਚੇ ਦੀ ਮਰਜ਼ੀ ਚੱਲਦੀ ਹੈ ਫਿਰ ਤਾਂ ਕੋਈ ਗੱਲ ਕਹਿਣ ਤੋਂ ਪਹਿਲਾਂ ਸੌ ਵਾਰ ਵਿਚਾਰਨਾ ਹੋਵੇਗਾ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਬੱਚਾ ਤੇ ਰੰਬਾ ਚੰਡੇ ਹੋਏ ਹੀ ਠੀਕ ਰਹਿੰਦੇ ਹਨ। ਇਹ ਤੱਥ ਸਦੀਆਂ ਪੁਰਾਣਾ ਹੋ ਕੇ ਅੱਜ ਵੀ ਸੱਚਾ ਹੈ।

ਅਜੋਕੀ ਪੀੜ੍ਹੀ ਦੇ ਬੱਚਿਆਂ ਨੂੰ ਨੈਟ ਦੇ ਮਾਇਆ ਜਾਲ ਤੋਂ ਬਚਾਉਣ ਲਈ ਮਾਪਿਆਂ ਤੇ ਅਧਿਆਪਕਾਂ ਨੂੰ ਸੁਚੇਤ ਹੋ ਕੇ ਕਾਰਜ ਕਰਨ ਦੀ ਲੋੜ ਹੈ। ਸਾਡੇ ਡੂੰਘੇ ਸਾਹਿਤਕਾਰ ਡਾ.ਧਰਮਪਾਲ ਸਾਹਿਲ ਦੁਆਰਾ ਤਿੰਨ ਭਾਸ਼ਾਵਾਂ ਵਿਚ ਰਚਿਆ ਨਾਵਲ ‘ਖਿੜਣ ਤੋਂ ਪਹਿਲਾਂ’ ਇਸ ਵਿਸ਼ੇ ਨੂੰ ਵਿਚਾਰਨ ਤੇ ਨਿਖਾਰਨ ਦੀ ਸਮਰੱਥਾ ਹੈ। ਮਾਪਿਆਂ ਤੇ ਅਧਿਆਪਕਾਂ ਲਈ ਇਹ ਪ੍ਰੀਖਿਆ ਦੀ ਘੜੀ ਹੈ ਕਿ ਉਹ ਬੱਚਿਆਂ ਨੂੰ ਇੰਟਰਨੈੱਟ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਵਿਚ ਕਿਵੇਂ ਸਫਲ ਹੁੰਦੇ ਹਨ। ਇਸ ਵਾਸਤੇ ਸਭ ਤੋਂ ਪਹਿਲਾ ਕਦਮ ਉਨ੍ਹਾਂ ਦੇ ਮਨ ਵਿਚ ਬਾਲ ਉਮਰੇ ਰਚਨਾਤਮਿਕ ਕਾਰਜਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਨਰੋਈਆਂ ਬਾਲ ਕਿਤਾਬਾਂ ਦੇਣੀਆਂ ਹੋਣਗੀਆਂ। ਨੈਤਿਕਤਾ ਦੇ ਪ੍ਰਚਾਰ ਅਤੇ ਪਰਸਾਰ ਲਈ ਸਿੱਖਿਆ ਵਿਭਾਗ ਪੰਜਾਬ ਵਲੋਂ ਸਕੂਲਾਂ ਵਿਚ ਕਿਤਾਬ ਲੰਗਰ ਸ਼ੁਰੂ ਕਰਕੇ ਸ਼ਲਾਘਾਯੋਗ ਕਦਮ ਚੁਕਿਆ ਹੈ।ਆਓ ਆਪਾਂ ਸਾਰੇ ਨਰੋਈਆਂ ਤੇ ਰੌਚਕ ਕਿਤਾਬਾਂ ਨੂੰ ਸਾਥੀ ਬਣਾ ਕੇ ਬਾਲ ਮਨਾਂ ਅੰਦਰ ਉੱਚੇ ਵਿਚਾਰ ਅਤੇ ਸਹਿਣਸ਼ੀਲਤਾ ਵਰਗੇ ਗੁਣ ਭਰੀਏ। ਸਾਡੇ ਘਰਾਂ ਵਿਚ ਵੱਡਿਆਂ ਦਾ ਆਦਰ ਹੋਣਾ ਬਹੁਤ ਜ਼ਰੂਰੀ ਹੈ ਜਿੱਥੋਂ ਬੱਚਿਆਂ ਨੇ ਸੰਸਕਾਰੀ ਬਣਨਾ ਹੈ। 

LEAVE A REPLY

Please enter your comment!
Please enter your name here