ਗੁਰਦੁਆਰਾ ਸੀਸਗੰਜ ਸਾਹਿਬ ਵਿਖੇ 17 ਅਪ੍ਰੈਲ 2020 ਨੂੰ ਲਿਖੇ ਗਏ ਹੁਕਮਨਾਮੇ ਦੇ ਗ਼ਲਤ ਅਰਥਾਂ ਦਾ ਸਰੋਤ ਅੱਜ ‘ਜਾਗੋ’ ਪਾਰਟੀ ਨੇ ਜਾਰੀ ਕੀਤਾ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਇਸ ਮਾਮਲੇ ‘ਚ ਖੁਦ ਬੋਲਣ ਦੀ ਬਜਾਏ ਮੁੱਖ ਗ੍ਰੰਥੀ ਨੂੰ ਅੱਗੇ ਕਰਕੇ ਬੱਚ ਨਹੀਂ ਸਕਦੇ ਹਨ ਅਤੇ ਨਾਂ ਹੀ ਮੁੱਖ ਗ੍ਰੰਥੀ ਇੰਨੀ ਵੱਡੀ ਗਲਤੀ ‘ਤੇ ਕਿਸੇ ਪ੍ਰੇਮੀ ਦੇ ਜ਼ਿੰਮੇਵਾਰ ਹੋਣ ਦਾ ਹਵਾਲਾ ਦੇ ਕੇ ਬਚ ਸਕਦੇ ਹਨ। ਕਮੇਟੀ ਇੰਨੀ ਵੱਡੀ ਬੇਅਦਬੀ ਦੇ ਸਰੋਤ ਨੂੰ ਲੁਕਾ ਰਹੀ ਹੈ ਪਰ ਅਸੀਂ ਪ੍ਰਗਟ ਕਰ ਰਹੇ ਹੈ। ਜੀ. ਕੇ. ਨੇ ਦੱਸਿਆ ਕਿ ਉਕਤ ਹੁਕਮਨਾਮੇ ਦੇ ਵੈੱਬਸਾਈਟ ਉੱਤੇ ਉਹੀ ਮਤਲਬ ਹਨ, ਜੋ ਕਮੇਟੀ ਨੇ ਲਿਖੇ ਹਨ। ਇਸ ਦੇ ਨਾਲ ਹੀ ਬਾਕੀ ਗੁਰਬਾਣੀ ਦੇ ਅਰਥ ਵੀ ਠੀਕ ਨਹੀਂ ਹੈ। ਇਸ ਲਈ ਇਸ ਗ਼ਲਤੀ ਦੇ ਖ਼ਿਲਾਫ਼ ਅਸੀਂ ‘ਜਾਗੋ’ ਪਾਰਟੀ ਵੱਲੋਂ ਥਾਣਾ ਨਾਰਥ ਐਵੇਨਿਊ ਵਿਚ ਵੈੱਬਸਾਈਟ ਦੇ ਖ਼ਿਲਾਫ਼ ਸ਼ਿਕਾਇਤ ਦੇ ਰਹੇ ਹਾਂ।