ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ਕੋਵਿਡ-19 ਦੇ ਇਸ ਨਾਜ਼ੁਕ ਦੌਰ ‘ਚ ਪੰਜਾਬ ਸਰਕਾਰ ਦੀ ‘ਘਰ-ਘਰ ਰੋਜ਼ਗਾਰ ਯੋਜਨਾ’ ਤਹਿਤ ‘ਕਿਊ-ਆਰ ਕੋਡ’ ਲਾਂਚ ਕਰਕੇ ਇਕ ਨਿਵੇਕਲੀ ਪਹਿਲ ਕੀਤੀ ਗਈ ਹੈ, ਤਾਂ ਜੋ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਮਹਾਮਾਰੀ ਦੇ ਇਸ ਦੌਰ ‘ਚ ਕੀਤੀ ਗਈ ਇਸ ਨਿਵੇਕਲੀ ਪਹਿਲ ਸਦਕਾ ਹੁਸ਼ਿਆਰਪੁਰ ਪੰਜਾਬ ‘ਚੋਂ ਅਜਿਹਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ, ਜਿਸ ਵੱਲੋਂ ‘ਕੁਇਕ ਰਿਸਪਾਂਸ ਕੋਡ’ ਜਾਰੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਵੀਰਵਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ‘ਕਿਊ-ਆਰ ਕੋਡ’ ਨੂੰ ਲਾਂਚ ਕਰਦੇ ਕਿਹਾ ਕਿ ਛੋਟੇ ਦੁਕਾਨਦਾਰ ਤੋਂ ਲੈ ਕੇ ਵੱਡੇ ਉਦਯੋਗਿਕ ਯੂਨਿਟ ਇਸ ਕੋਡ ਰਾਹੀਂ ਆਪਣੇ ਮੋਬਾਇਲ ‘ਤੇ ਹੀ ਲੋੜੀਂਦੇ ਕਾਮਿਆਂ ਦੀ ਡਿਮਾਂਡ ਦੇ ਸਕਣਗੇ।ਉਨ੍ਹਾਂ ਨੇ ਕਿਹਾ ਕਿ ਛੋਟੇ-ਵੱਡੇ ਦੁਕਾਨਦਾਰ, ਫੈਕਟਰੀਆਂ, ਉਦਯੋਗਿਕ ਯੂਨਿਟ, ਖੇਤੀਬਾੜੀ ਅਤੇ ਨਿਰਮਾਣ ਅਧੀਨ ਕੰਮ ਲਈ ਹੁਨਰਮੰਦ ਕਾਮਿਆਂ ਸਮੇਤ ਲੇਬਰ ਆਦਿ ਦੀ ਲੋੜ ਹੈ ਤਾਂ ਮੋਬਾਇਲ ਦਾ ਕੈਮਰਾ ਆਨ ਕਰਕੇ ਸਟਿੱਕਰ (ਬਾਰ ਕੋਡ) ਨੂੰ ਸਕੈਨ ਕਰਕੇ ਤੁਰੰਤ ਪ੍ਰਾਪਤ ਹੋਏ ‘ਕਿਊ-ਆਰ ਕੋਡ’ ਰਾਹੀਂ ਡਿਮਾਂਡ ਦਿੱਤੀ ਜਾ ਸਕਦੀ ਹੈ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਕਰਦੇ ਕਿਹਾ ਕਿ ‘ਕਿਊ-ਆਰ ਕੋਡ’ ਦੇ ਸਟਿੱਕਰਾਂ (ਬਾਰ ਕੋਡ) ਦੀ ਸੁਚਾਰੂ ਢੰਗ ਨਾਲ ਵੰਡ ਕੀਤੀ ਜਾਵੇ, ਤਾਂ ਜੋ ਵਪਾਰਕ ਅਦਾਰੇ ਵੱਧ ਤੋਂ ਵੱਧ ਰੋਜ਼ਗਾਰ ਦੀ ਡਿਮਾਂਡ ਦੇ ਸਕਣ। ਉਨ੍ਹਾਂ ਕਿਹਾ ਕਿ ਬਾਰ ਕੋਡ ਨੂੰ ਫੇਸਬੁੱਕ ਪੇਜ਼ ਤੋਂ ਸੇਵ ਕਰਕੇ ਵੀ ਪ੍ਰਿੰਟ ਕੱਢਿਆ ਜਾ ਸਕਦਾ ਹੈ। ਬਾਰ ਕੋਡ ਨੂੰ ਮੋਬਾਇਲ ਰਾਹੀਂ ਸਕੈਨ ਕਰਨ ਨਾਲ ਆਟੋਮੈਟਿਕ ਮੋਬਾਇਲ ‘ਤੇ ਕਿਊ-ਆਰ ਕੋਡ ਪਹੁੰਚ ਜਾਵੇਗਾ, ਜਿਸ ਨੂੰ ਕਲਿੱਕ ਕਰਕੇ ਲੋੜੀਂਦੀ ਕਾਮਿਆਂ ਦੀ ਤੁਰੰਤ ਡਿਮਾਂਡ ਭਰੀ ਜਾ ਸਕਦੀ ਹੈ।