ਕੋਰੋਨਾ ਪ੍ਰਕੋਪ ਦੇ ਦੌਰ ‘ਚ ਵੀ ਪਾਕਿ ਧਰਮ ਗੁਰੂਆਂ ਦੀ ਗਲਤ ਸਲਾਹ

0
223

ਪਾਕਿਸਤਾਨ ਵਿਚ ‘ਕੋਰੋਨਾ’ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋਏ ਤਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇਸ਼ ‘ਚ ਉਦਯੋਗ-ਕਾਰੋਬਾਰ ‘ਤੇ ਪੈਣ ਵਾਲੇ ਪ੍ਰਭਾਵ ਨੂੰ ਦੇਖਦੇ ਹੋਏ ‘ਲਾਕਡਾਊਨ’ ਲਾਗੂ ਕਰਨ ਦੇ ਪੱਖ ‘ਚ ਨਹੀਂ ਸਨ ਪਰ ਬਾਅਦ ‘ਚ ਉਹ ਇਸ ‘ਤੇ ਸਹਿਮਤ ਹੋ ਗਏ ਅਤੇ ਦੇਸ਼ ਦੇ ਕਈ ਹਿੱਸਿਆਂ ‘ਚ ਅੰਸ਼ਿਕ ‘ਲਾਕਡਾਊਨ’ ਲਾਗੂ ਕਰ ਦਿੱਤਾ ਗਿਆ, ਜਿਸ ਨੂੰ ਹੁਣ 30 ਅਪ੍ਰੈਲ ਤਕ ਵਧਾ ਦਿੱਤਾ ਗਿਆ ਹੈ। ਹਾਲਾਂਕਿ ਇਸ ਬਾਰੇ ਪਾਕਿਸਤਾਨ ਸਰਕਾਰ ਦੀ ‘ਰਾਸ਼ਟਰੀ ਤਾਲਮੇਲ ਕਮੇਟੀ’, ਜਿਸ ਦੇ ਸਾਰੇ ਮੈਂਬਰ ਮੁਸਲਮਾਨ ਹੀ ਹਨ, ਦੀ ਬੈਠਕ ‘ਚ ਇਮਰਾਨ ਖਾਨ ਨੇ ਲਾਕਡਾਊਨ ‘ਚ ਕੁਝ ਖੇਤਰਾਂ ‘ਚ ਛੋਟ ਦੇਣ ਦਾ ਐਲਾਨ ਵੀ ਕੀਤਾ ਹੈ ਅਤੇ ਵਿਸ਼ਵ ਦੇ ਕਈ ਪ੍ਰਮੁੱਖ ਮੁਸਲਿਮ ਬੁੱਧੀਜੀਵੀਆਂ ਨੇ ਅਜਿਹੇ ਕਦਮਾਂ ਦਾ ਸਮਰਥਨ ਕੀਤਾ ਹੈ ਪਰ ਪਾਕਿਸਤਾਨ ‘ਚ ਕੁਝ ਅਖੌਤੀ ਧਾਰਮਿਕ ਸੰਗਠਨ ਇਨ੍ਹਾਂ ਦਾ ਵਿਰੋਧ ਕਰ ਰਹੇ ਹਨ। ਸਮਾਜਿਕ ਦੂਰੀ ਬਣਾਈ ਰੱਖਣ ਅਤੇ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਰੋਕ ਸਬੰਧੀ ਸਰਕਾਰ ਦੇ ਹੁਕਮ ਦੀਆਂ ਧੱਜੀਆਂ ਉਡਾਉਂਦੇ ਹੋਏ ਬੀਤੇ ਦਿਨ ਇਸਲਾਮਾਬਾਦ ਸਥਿਤ ‘ਜਾਮੀਆ ਦਾਰੂਲ ਉਲੇਮਾ ਜ਼ਕਰੀਆ ਮਸਜਿਦ’ ਵਿਚ ਲੱਗਭਗ 53 ਧਾਰਮਿਕ ਸੰਗਠਨਾਂ ਨੇ ਇਕ ਬੈਠਕ ‘ਚ ਧਾਰਮਿਕ ਪ੍ਰੋਗਰਾਮਾਂ ‘ਤੇ ਪਾਬੰਦੀ ਲਾਉਣ ਦੇ ਵਿਰੁੱਧ ਸਰਕਾਰ ਨੂੰ ਚਿਤਾਵਨੀ ਵੀ ਦੇ ਦਿੱਤੀ ਹੈ। ਇਸ ਬੈਠਕ, ਜਿਸ ‘ਚ ਪਾਕਿਸਤਾਨ ਅਤੇ ਪਾਬੰਦੀਸ਼ੁਦਾ ਕੌਮਾਂਤਰੀ ਅੱਤਵਾਦੀ ਗਿਰੋਹਾਂ ਦੇ ਕੁਝ ਨੇਤਾ ਵੀ ਸ਼ਾਮਲ ਸਨ, ਿਵਚ ਇਨ੍ਹਾਂ ਧਰਮ ਗੁਰੂਆਂ ਨੇ ਕਿਹਾ ਕਿ ਉਹ ਕਿਸੇ ਵੀ ਹਾਲਾਤ ‘ਚ ਸ਼ੁੱਕਰਵਾਰ ਨੂੰ ਦੇਸ਼ ਦੀਆਂ ਮਸਜਿਦਾਂ ‘ਚ ਆਯੋਜਿਤ ਕੀਤੇ ਜਾਣ ਵਾਲੇ ਧਾਰਮਿਕ ਪ੍ਰੋਗਰਾਮ ਬੰਦ ਨਹੀਂ ਕਰਨਗੇ ਅਤੇ ਜੁੰਮੇ ਦੀ ਨਮਾਜ਼ ਬੇਰੋਕ-ਟੋਕ ਜਾਰੀ ਰਹੇਗੀ। ਇਸ ਸਮੇਂ ਜਦਕਿ ਸਾਰਾ ਵਿਸ਼ਵ ‘ਕੋਰੋਨਾ’ ਦੇ ਪ੍ਰਕੋਪ ਕਾਰਣ ਦਹਿਸ਼ਤ ‘ਚ ਹੈ, ਬੈਠਕ ‘ਚ ਚਿਤਾਵਨੀ ਦਿੱਤੀ ਗਈ ਕਿ ਮਸਜਿਦਾਂ ਨੂੰ ਬੰਦ ਰੱਖਣ ਜਾਂ ਮਸਜਿਦ ‘ਚ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਾਉਣ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾਵੇਗੀ ਅਤੇ ਇਸ ਦੇ ਲਈ ਸਰਕਾਰ ਨਾਲ ਟਕਰਾਇਆ ਵੀ ਜਾ ਸਕਦਾ ਹੈ। ‘ਜਮੀਅਤ-ਉਲੇਮਾ-ਇਸਲਾਮ ਫਜ਼ਲ’ ਦੇ ਸਰਪ੍ਰਸਤ ਹਜ਼ਾਰਵੀ ਨੇ ਕਿਹਾ, ”ਮਸਜਿਦਾਂ ਬੰਦ ਕਰਨੀਆਂ ਨਾਪ੍ਰਵਾਨਯੋਗ ਹੈ। ਇਮਤਿਹਾਨ ਦੀ ਇਸ ਘੜੀ ਵਿਚ ‘ਕੋਰੋਨਾ’ ਤੋਂ ਛੁਟਕਾਰਾ ਪਾਉਣ ਲਈ ਅੱਲ੍ਹਾ ਤੋਂ ਮੁਅਫੀ ਮੰਗਣਾ, ਮਸਜਿਦਾਂ ‘ਚ ਭੀੜ ਵਧਾਉਣੀ ਅਤੇ ਮਸਜਿਦਾਂ ‘ਚ ਜ਼ਿਆਦਾ ਸਮਾਂ ਬਿਤਾਉਣਾ ਜ਼ਰੂਰੀ ਹੈ। ਇਸ ਲਈ ਸਰਕਾਰ ਨੂੰ ਪਾਬੰਦੀ ਲਾਉਣ ਦੀ ਬਜਾਏ ਧਾਰਮਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਅੱਲ੍ਹਾ ਤੋਂ ਮੁਆਫੀ ਮੰਗਣ ਲਈ ਮਸਜਿਦਾਂ ‘ਚ ਵੱਧ ਤੋਂ ਵੱਧ ਉਪਾਸ਼ਕਾਂ ਨੂੰ ਜਾਣ ਦੇਣਾ ਚਾਹੀਦਾ ਹੈ।” ਇਸੇ ਤਰ੍ਹਾਂ ‘ਤੰਜੀਮ-ਏ-ਇਸਲਾਮੀ’ ਦੇ ਨੇਤਾ ਅਮੀਰ ਹਾਫਿਜ਼ ਆਕਿਬ ਨੇ ਕਿਹਾ ਹੈ ਕਿ ”ਵਿਸ਼ਵ ਭਰ ਵਿਚ ‘ਕੋਰੋਨਾ’ ਦਾ ਪ੍ਰਕੋਪ ਵਿਕਸਿਤ ਦੇਸ਼ਾਂ ਅਤੇ ਉਨ੍ਹਾਂ ਦੇ ਅੱਤਿਆਚਾਰੀ ਸ਼ਾਸਕਾਂ ਵਲੋਂ ਪਿਛਲੇ 50 ਸਾਲਾਂ ‘ਚ ਨਿਰਦੋਸ਼ ਮੁਸਲਮਾਨਾਂ ਦੇ ਘਾਣ ਅਤੇ ਸਮੂਹਿਕ ਕਤਲੇਆਮ ਕਾਰਣ ਅੱਲ੍ਹਾ ਦੀ ਨਾਰਾਜ਼ਗੀ ਦਾ ਨਤੀਜਾ ਹੈ।”
”ਵਿਕਸਿਤ ਦੇਸ਼ਾਂ ਨੇ ਮੁਸਲਮਾਨਾਂ ‘ਤੇ ਕੀਤੇ ਜਾ ਰਹੇ ਜ਼ੁਲਮਾਂ ‘ਤੇ ਚੁੱਪ ਧਾਰੀ ਹੋਈ ਹੈ। ਉਥੇ ਹੀ ਲੋਕ ਜੋ ਮੁਸਲਮਾਨਾਂ ‘ਤੇ ਕਰਫਿਊ ਲਾ ਰਹੇ ਸਨ, ਅੱਜ ਆਪਣੇ ਹੀ ਦੇਸ਼ਾਂ ਵਿਚ ‘ਲਾਕਡਾਊਨ’ ਕਰਨ ਨੂੰ ਮਜਬੂਰ ਹੋ ਗਏ ਹਨ। ਉਨ੍ਹਾਂ ਦੀਆਂ ਗਲੀਆਂ ਅਤੇ ਬਾਜ਼ਾਰ ਭੂਤੀਆ ਸ਼ਹਿਰਾਂ ਵਰਗੇ ਦ੍ਰਿਸ਼ ਪੇਸ਼ ਕਰ ਰਹੇ ਹਨ।” ”ਉਹ ਵਿਕਸਿਤ ਦੇਸ਼ ਜੋ ਮੁਸਲਿਮ ਔਰਤਾਂ ਨੂੰ ਆਪਣੇ ਚਿਹਰੇ ਢਕਣ ਤੋਂ ਰੋਕਦੇ ਸਨ, ਅੱਜ ਅੱਲ੍ਹਾ ਨੇ ਉਨ੍ਹਾਂ ਨੂੰ ਅਜਿਹੀ ਸਜ਼ਾ ਦਿੱਤੀ ਹੈ ਕਿ ਉਨ੍ਹਾਂ ਦੀਆਂ ਆਪਣੀਆਂ ਔਰਤਾਂ ਹੀ ਨਹੀਂ, ਮਰਦ ਵੀ ਨਕਾਬਾਂ ਨਾਲ ਆਪਣੇ ਚਿਹਰੇ ਛੁਪਾਉਣ ਲਈ ਮਜਬੂਰ ਹੋ ਰਹੇ ਹਨ।” ਮੁਲਤਾਨ ਸ਼ਹਿਰ ਦੀ ਮਸਜਿਦ ‘ਚ ਨਮਾਜ਼ ਪੜ੍ਹਨ ਵਾਲੇ ਸਾਬਿਰ ਦੁੱਰਾਨੀ ਦੇ ਅਨੁਸਾਰ, ”ਸਾਨੂੰ ‘ਕੋਰੋਨਾ’ ਇਨਫੈਕਟਿਡ ਨਹੀਂ ਕਰ ਸਕਦਾ। ਅਸੀਂ ਆਪਣੇ ਹੱਥ ਅਤੇ ਨਮਾਜ਼ ਸ਼ੁਰੂ ਹੋਣ ਤੋਂ ਪਹਿਲਾਂ ਇਕ ਦਿਨ ‘ਚ ਪੰਜ ਵਾਰ ਆਪਣਾ ਚਿਹਰਾ ਧੋਂਦੇ ਹਾਂ, ਜੋ ਦੂਜੇ ਲੋਕ ਨਹੀਂ ਕਰਦੇ। ਇਸ ਲਈ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਅੱਲ੍ਹਾ ਸਾਡੇ ਨਾਲ ਹੈ।” ਇਸੇ ਤਰ੍ਹਾਂ ਕੁਝ ਹੋਰ ਅਖੌਤੀ ਧਰਮ ਗੁਰੂਆਂ ਨੇ ਲੋਕਾਂ ਨੂੰ ‘ਕੋਰੋਨਾ’ ਦੀ ਪਰਵਾਹ ਨਾ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਹੈ ਕਿ ”ਸਿਰਫ ਪੱਛਮੀ ਦੇਸ਼ਾਂ ਦੇ ਲੋਕ ਹੀ ‘ਕੋਰੋਨਾ’ ਵਾਇਰਸ ਨਾਲ ਮਰ ਸਕਦੇ ਹਨ। ਤੁਹਾਨੂੰ ਕੋਰੋਨਾ ਨਹੀਂ ਹੋਵੇਗਾ। ਉੱਪਰ ਵਾਲਾ ਬਚਾਏਗਾ ਪਰ ਜੇਕਰ ਤੁਸੀਂ ਜੁੰਮੇ ਦੀ ਨਮਾਜ਼ ਲਈ ਮਸਜਿਦ ਨਾ ਪਹੁੰਚੇ ਤਾਂ ਉੱਪਰ ਵਾਲੇ ਦਾ ਤੁਹਾਡੇ ‘ਤੇ ਕਹਿਰ ਟੁੱਟੇਗਾ।” ਪਾਕਿਸਤਾਨ ‘ਚ ਅਖੌਤੀ ਧਾਰਮਿਕ ਗੁਰੂਆਂ ਦੇ ਇਸ ਤਰ੍ਹਾਂ ਦੇ ਬਿਆਨ ਅਜਿਹੇ ਸਮੇਂ ‘ਚ ਆ ਰਹੇ ਹਨ, ਜਦੋਂ ਉਥੇ ‘ਕੋਰੋਨਾ’ ਇਨਫੈਕਸ਼ਨ ਦੇ 6000 ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ ਅਤੇ ਲੱਗਭਗ 110 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਲਈ ਪਾਕਿਸਤਾਨ ਹੀ ਕੀ ਕਿਸੇ ਵੀ ਦੇਸ਼ ਦੇ ਧਰਮ ਗੁਰੂਆਂ ਦਾ ਇਹ ਫਰਜ਼ ਹੈ ਕਿ ਉਹ ਆਪਣੇ ਦੇਸ਼ਵਾਸੀਆਂ ਨੂੰ ਝੂਠੇ ਦਿਲਾਸੇ ਦੇਣ ਦੀ ਬਜਾਏ ਇਸ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਸਰਕਾਰ ਦੇ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਪ੍ਰੇਰਨਾ ਦੇਣ ਤਾਂ ਕਿ ਛੇਤੀ ਤੋਂ ਛੇਤੀ ਇਹ ਮਹਾਮਾਰੀ ਵਿਸ਼ਵ ‘ਚੋਂ ਵਿਦਾ ਹੋਵੇ ਅਤੇ ਸਾਡੇ ਸਾਰਿਆਂ ਦੇ ਸਕੇ-ਸਬੰਧੀ ਸੁਰੱਖਿਅਤ ਰਹਿਣ।

LEAVE A REPLY

Please enter your comment!
Please enter your name here