ਕੋਰੋਨਾ ਨੂੰ ਮਾਤ ਦੇ ਕੇ 17 ਦਿਨਾਂ ਬਾਅਦ 54 ਸਾਲਾ ਡੀ. ਸੀ. ਪੀ. ਲਾਅ ਐਂਡ ਆਰਡਰ ਅਸ਼ਵਨੀ ਕਪੂਰ ਸੋਮਵਾਰ ਨੂੰ ਡਿਊਟੀ ‘ਤੇ ਵਾਪਸ ਪਰਤ ਆਏ ਹਨ। ਕੋਰੋਨਾ ਜੋਧਾ ਦੇ ਜੁਆਇਨ ਕਰਨ ‘ਤੇ ਫੋਰਸ ਦਾ ਮਨੋਬਲ ਵਧਿਆ ਹੈ, ਨਾਲ ਹੀ ਪੁਲਸ ਕਮਿਸ਼ਨਰ ਦਫਤਰ ‘ਚ ਇਕ ਵਾਰ ਫਿਰ ਉਨ੍ਹਾਂ ਦੇ ਆਫਿਸ ਨੇੜੇ ਚਹਿਲ-ਪਹਿਲ ਦਿਖੀ। ਡੀ. ਸੀ. ਪੀ. ਅਸ਼ਵਨੀ ਕਪੂਰ ਨੇ ਦੱਸਿਆ ਕਿ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰ ਕੇ ਕੋਰੋਨਾ ਨੂੰ ਹਰਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕੁਆਰੰਟਾਈਨ ਦੌਰਾਨ ਜਿੱਥੇ ਸਵੇਰੇ ਉੱਠ ਕੇ ਯੋਗ ਕੀਤਾ, ਉਥੇ ਖੂਬ ਫਲ ਖਾਧੇ ਅਤੇ ਸ਼ਾਮ ਨੂੰ ਸੈਰ ਕੀਤੀ। ਕੋਰੋਨਾ ਨੂੰ ਹਰਾਉਣ ਲਈ ਪਾਜ਼ੇਟਿਵ ਸੋਚ ਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਕੋਰੋਨਾ ਨਾਲ ਲੜ ਰਹੀ ਸਾਰੀ ਫੋਰਸ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ।ਲੁਧਿਆਣਾ (ਹਿਤੇਸ਼, ਰਾਜ) : ਨਗਰ ਨਿਗਮ ‘ਚ ਕੋਰੋਨਾ ਦੇ ਕੇਸਾਂ ‘ਚ ਦਿਨ-ਬ-ਦਿਨ ਇਜ਼ਾਫਾ ਹੁੰਦਾ ਜਾ ਰਿਹਾ ਹੈ। ਜਿਨ੍ਹਾਂ ‘ਚ ਜੁਆਇੰਟ ਕਮਿਸ਼ਨਰ ਕੁਲਪ੍ਰੀਤ ਸਿੰਘ ਤੋਂ ਬਾਅਦ ਕੌਂਸਲਰ ਮਨਪ੍ਰੀਤ ਗਰੇਵਾਲ ਦੀ ਰਿਪੋਰਟ ਵੀ ਪਾਜ਼ੇਟਿਵ ਆ ਗਈ ਹੈ। ਇਹ ਕਿਸੇ ਕੌਂਸਲਰ ਨੂੰ ਕੋਰੋਨਾ ਹੋਣ ਦਾ ਪਹਿਲਾ ਕੇਸ ਹੈ। ਇਸ ਦੀ ਜਾਣਕਾਰੀ ਖੁਦ ਕੌਂਸਲਰ ਨੇ ਫੇਸਬੁਕ ਪੇਜ਼ ‘ਤੇ ਲਾਈਵ ਹੋ ਕੇ ਦਿੱਤੀ ਹੈ, ਜਿਸ ‘ਚ ਉਨ੍ਹਾਂ ਨੇ ਆਪਣੇ ਸੰਪਰਕ ‘ਚ ਆਉਣ ਵਾਲੇ ਵਿਅਕਤੀਆਂ ਨੂੰ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ। ਉਧਰ, ਵਾਰਡ ਨੰ. 40 ਵਿਚ ਕੰਮ ਕਰਨ ਵਾਲੇ ਇਕ ਸਫਾਈ ਮੁਲਾਜ਼ਮ ਨੀਟੂ ਦੀ ਮੌਤ ਹੋ ਗਈ ਹੈ। ਹਾਲਾਂਕਿ ਨਗਰ ਨਿਗਮ ਅਧਿਕਾਰੀਆਂ ਵੱਲੋਂ ਉਸ ਮੁਲਾਜ਼ਮ ਦੇ ਪਹਿਲਾਂ ਬੀਮਾਰੀ ਕਾਰਨ ਛੁੱਟੀ ‘ਤੇ ਹੋਣ ਦਾ ਹਵਾਲਾ ਦਿੱਤਾ ਗਿਆ ਹੈ, ਜਦੋਂਕਿ ਸਿਹਤ ਮਹਿਕਮੇ ਦੇ ਅਫਸਰਾਂ ਦਾ ਕਹਿਣਾ ਹੈ ਕਿ ਡਾਬਾ ਕਾਲੋਨੀ ਦੇ ਰਹਿਣ ਵਾਲੇ ਨੀਟੂ ਨੂੰ 11 ਜੁਲਾਈ ਨੂੰ ਸਿਵਲ ਹਸਪਤਾਲ ‘ਚ ਲਿਆਂਦਾ ਗਿਆ ਸੀ ਪਰ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ। ਇਸ ਲਈ ਉਸ ਦੀ ਲਾਸ਼ ਮੌਰਚਰੀ ‘ਚ ਰਖਵਾ ਕੇ ਉਸ ਦਾ ਸੈਂਪਲ ਲੈ ਕੇ ਕੋਰੋਨਾ ਟੈਸਟ ਲਈ ਭੇਜ ਦਿੱਤਾ ਸੀ। ਦੋ ਦਿਨਾਂ ਬਾਅਦ ਉਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਸ ਤੋਂ ਪਹਿਲਾਂ ਛਾਉਣੀ ਮੁਹੱਲਾ ‘ਚ ਰਹਿਣ ਵਾਲੇ ਇਕ ਸਫਾਈ ਮੁਲਾਜ਼ਮ ਅਤੇ ਜ਼ੋਨ-ਸੀ ਦੀ ਬੀ. ਐਂਡ ਆਰ. ਸ਼ਾਖਾ ਦੇ ਇਕ ਮੁਲਾਜ਼ਮ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ, ਜਿਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਕੁਆਰੰਟਾਈਨ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।