”ਕੋਰੋਨਾ ਨਾਲ ਨਜਿੱਠਣ ਲਈ ਪੰਜਾਬ ਨੇ ਪੈਦਾ ਕੀਤੀ ਮਿਸਾਲ, ਸਾਰੇ ਸੂਬਿਆਂ ਤੋਂ ਮੋਹਰੀ”

0
100

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਕੋਵਿਡ-19 ਕਾਰਨ ਵਿਸ਼ਵ ਭਰ ‘ਚ ਪੈਦਾ ਹੋਏ ਮੌਜੂਦਾ ਹਾਲਾਤ ਨਾਲ ਨਜਿੱਠਣ ‘ਚ ਪੰਜਾਬ ਨੇ ਦੇਸ਼ ਭਰ ‘ਚ ਮਿਸਾਲ ਪੈਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਲਏ ਸਹੀ ਫੈਸਲਿਆਂ ਕਾਰਨ ਅੱਜ ਪੰਜਾਬ ਵੱਡੇ ਪੱਧਰ ‘ਤੇ ਇਸ ਬਿਮਾਰੀ ਦੀ ਮਾਰ ਤੋਂ ਬਚ ਗਿਆ ਹੈ। ਬਲਬੀਰ ਸਿੱਧੂ ਪਿੰਡ ਰੱਬੋਂ ਉੱਚੀ ਵਿਖੇ ਬਾਬਾ ਮਹਾਰਾਜ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਰਾਜ ਪੱਧਰੀ ਸਮਾਗਮ ‘ਚ ਬਤੌਰ ਮੁੱਖ ਮਹਿਮਾਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸੂਬੇ ਦੇ ਲੋਕਾਂ ਨੂੰ ਟੈਸਟ ਅਤੇ ਇਲਾਜ ਆਦਿ ਲਈ ਨਿੱਜੀ ਹਸਪਤਾਲਾਂ ਜਾਂ ਹੋਰ ਜਗ੍ਹਾ ਭਟਕਣ ਦੀ ਲੋੜ ਨਹੀਂ ਹੈ। ਸੂਬੇ ਦੇ ਸਰਕਾਰੀ ਅਦਾਰਿਆਂ ‘ਚ ਰੋਜ਼ਾਨਾ 10 ਹਜ਼ਾਰ ਤੋਂ ਵਧੇਰੇ ਟੈਸਟ ਕੀਤੇ ਜਾ ਰਹੇ ਹਨ। ਅੰਮ੍ਰਿਤਸਰ ਸਥਿਤ ਇਕ ਲੈਬਾਰਟਰੀ ਵੱਲੋਂ ਲੋਕਾਂ ਦੀਆਂ ਝੂਠੀਆਂ ਪਾਜ਼ੇਟਿਵ ਰਿਪੋਰਟਾਂ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਮਹਿਕਮੇ ਵੱਲੋਂ ਉਸ ਲੈਬ ਦਾ ਲਾਈਸੈਂਸ ਰੱਦ ਕਰ ਦਿੱਤਾ ਗਿਆ ਹੈ ਅਤੇ ਭਵਿੱਖ ‘ਚ ਵੀ ਅਜਿਹੀ ਕਿਸੇ ਲੈਬ ਨਾਲ ਕੋਈ ਰਿਆਇਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਇਸ ਮੌਕੇ ਪਿੰਡ ਰੱਬੋਂ ਉੱਚੀ ਵਿਖੇ ਬਾਬਾ ਮਹਾਰਾਜ ਸਿੰਘ ਜੀ ਦੇ ਨਾਮ ‘ਤੇ ਇਕ ਮਹੀਨੇ ‘ਚ ਹੈਲਥ ਐਂਡ ਵੈਲਨੈਸ ਸੈਂਟਰ ਖੋਲ੍ਹਣ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਸਿਹਤ ਸਹੂਲਤਾਂ ਦਾ ਵਿਕਾਸ ਕਰਨ ਲਈ ਹਰ ਹੀਲਾ ਅਪਣਾਇਆ ਜਾ ਰਿਹਾ ਹੈ। ਸੂਬੇ ਭਰ ‘ਚ ਅਜਿਹੇ 2900 ਸੈਂਟਰ ਸਥਾਪਤ ਕੀਤੇ ਜਾ ਰਹੇ ਹਨ, ਜਿਨਾਂ ‘ਚੋਂ 1900 ਬਣਾ ਦਿੱਤੇ ਗਏ ਹਨ, ਜਦੋਂ ਕਿ ਬਾਕੀ 1000 ਵੀ ਜਲਦੀ ਹੀ ਚਾਲੂ ਕਰ ਦਿੱਤੇ ਜਾਣਗੇ। ਇਸੇ ਤਰ੍ਹਾਂ ਉਨ੍ਹਾਂ ਪਿੰਡ ਰੱਬੋਂ ਉੱਚੀ ‘ਚ ਬਾਬਾ ਮਹਾਰਾਜ ਸਿੰਘ ਜੀ ਦਾ ਬੁੱਤ ਸਥਾਪਤ ਕਰਨ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਅਖਤਿਆਰੀ ਕੋਟੇ ‘ਚੋਂ ਪਿੰਡ ਦੇ ਵਿਕਾਸ ਲਈ 5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਨ ਦਾ ਐਲਾਨ ਕੀਤਾ।

LEAVE A REPLY

Please enter your comment!
Please enter your name here