ਕੈਪਟਨ ਦੀ ਕੈਬਨਿਟ ‘ਤੇ ਕੋਰੋਨਾ ਦਾ ਸਾਇਆ, ਹੁਣ ਮਨਪ੍ਰੀਤ ਬਾਦਲ ਹੋਏ ਕੁਆਰੰਟਾਈਨ

0
231

ਬਠਿੰਡਾ ਦੇ ਐੱਸ. ਐੱਸ. ਪੀ. ਭੁਪਿੰਦਰ ਸਿੰਘ ਵਿਰਕ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ ਵਿਚ ਆਏ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਆਪ ਨੂੰ ਕੁਆਰੰਟਾਈਨ ਕਰ ਲਿਆ ਹੈ। ਇਸ ਦੀ ਜਾਣਕਾਰੀ ਮਨਪ੍ਰੀਤ ਬਾਦਲ ਵਲੋਂ ਆਪਣੇ ਫੇਸਬੁੱਕ ਪੇਜ ‘ਤੇ ਦਿੱਤੀ ਗਈ ਹੈ। ਮਨਪ੍ਰੀਤ ਨੇ ਦੱਸਿਆ ਹੈ ਕਿ 15 ਅਗਸਤ ਨੂੰ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਸਮਾਗਮ ਵਿਚ ਉਹ ਐੱਸ. ਐੱਸ. ਪੀ. ਨੂੰ ਮਿਲੇ ਸਨ। ਡਾਕਟਰੀ ਸਲਾਹ ਅਨੁਸਾਰ ਅਤੇ ਆਪਣੇ ਪਰਿਵਾਰ ਅਤੇ ਪਾਰਟੀ ਵਰਕਰਾਂ ਦੀ ਸੁਰੱਖਿਆ ਲਈ ਮੈਂ ਆਪਣੇ ਆਪ ਨੂੰ ਇਕਾਂਤਵਾਸ ਕਰ ਰਿਹਾ ਹਾਂ। ਮਨਪ੍ਰੀਤ ਨੇ ਆਖਿਆ ਹੈ ਕਿ ਇਸ ਦੌਰਾਨ ਉਹ ਕੋਈ ਵੀ ਪਬਲਿਕ ਮੀਟਿੰਗ ਨਹੀਂ ਕਰਨਗੇ। ਇਥੇ ਦੱਸਣਯੋਗ ਹੈ ਕਿ ਪੰਜਾਬ ਵਿਚ ਜਿੱਥੇ ਕੋਰੋਨਾ ਮਹਾਮਾਰੀ ਨੇ ਪੂਰੀ ਤਰ੍ਹਾਂ ਪੈਰ ਪਸਾਰ ਲਏ ਹਨ, ਉਥੇ ਹੀ ਹੁਣ ਸੂਬੇ ਦੇ ਵੀ. ਵੀ. ਆਈ. ਪੀ. ਵੀ ਇਸ ਦੀ ਜਕੜ ਵਿਚ ਆ ਰਹੇ ਹਨ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਪਾਜ਼ੇਟਿਵ ਆਏ ਸਨ ਜਦਕਿ ਦੋ ਦਿਨ ਪਹਿਲਾਂ ਹੀ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਗੁਰਪ੍ਰੀਤ ਕਾਂਗੜ ਵਲੋਂ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਵਿਚ ਵੀ ਸ਼ਿਰਕਤ ਕੀਤੀ ਗਈ ਸੀ। ਇਸ ਤੋਂ ਇਲਾਵਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ, ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੋਂ ਇਲਾਵਾ ਹੋਰ ਸਿਆਸੀ ਆਗੂਆਂ ਦੀ ਰਿਪੋਰਟ ਵੀ ਪਾਜ਼ੇਟਿਵ ਆ ਚੁੱਕੀ ਹੈ।

LEAVE A REPLY

Please enter your comment!
Please enter your name here