ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਖ਼ਿਲਾਫ਼ ਚੱਲ ਰਹੀ ਆਮਦਨ ਟੈਕਸ ਵਿਭਾਗ ਦੀਆਂ ਆਮਦਨ ਸਬੰਧੀ ਸ਼ਿਕਾਇਤਾਂ ਨੂੰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸੁਮਿਤ ਮੱਕੜ ਨੇ 19 ਜੁਲਾਈ ਤੱਕ ਦੇ ਲਈ ਟਾਲ ਦਿੱਤਾ। ਆਮਦਨ ਕਰ ਵਿਭਾਗ ਵੱਲੋਂ ਵਾਧੂ ਗਵਾਹੀ ਕਰਵਾਉਣ ਲਈ ਅਦਾਲਤ ’ਚ ਲਗਾਈ ਗਈ ਅਰਜ਼ੀ ਨੂੰ ਮਨਜ਼ੂਰ ਕਰਦੇ ਹੋਏ ਆਮਦਨ ਟੈਕਸ ਵਿਭਾਗ ਨੂੰ ਆਪਣੀਆਂ ਗਵਾਹੀਆਂ ਕਰਵਾਉਣ ਲਈ ਕਿਹਾ ਗਿਆ ਸੀ। ਅਮਾਦਨ ਟੈਕਸ ਵਿਭਾਗ ਦੇ ਵਕੀਲ ਰਾਕੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਤਹਿਤ ਉਨ੍ਹਾਂ ਵੱਲੋਂ ਅਦਾਲਤ ’ਚ ਆਮਦਨ ਟੈਕਸ ਵਿਭਾਗ ਸਬੰਧੀ ਵਾਧੂ ਗਵਾਹੀ ਦਾਖ਼ਲ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਰੀਬ ਸਾਢੇ 3 ਘੰਟਿਆਂ ਤੱਕ ਅਦਾਲਤ ਵਿਚ ਵਿਭਾਗ ਵੱਲੋਂ ਦਿੱਤੇ ਦਸਤਾਵੇਜ਼ਾਂ ਨੂੰ ਐਗਜ਼ੀਬਿਟ (ਪ੍ਰਦਰਸ਼ਿਤ) ਕੀਤਾ ਗਿਆ, ਜਿਸ ਤੋਂ ਬਾਅਦ ਵਿਭਾਗ ਨੇ ਆਪਣੀ ਗਵਾਹੀ ਬੰਦ ਕਰ ਦਿੱਤੀ। ਇਸ ’ਤੇ ਅਦਾਲਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਅਦਾਲਤ ’ਚ ਤਲਬ ਕਰਨ ’ਤੇ ਇਸ ਨੂੰ 19 ਜੁਲਾਈ ਦੇ ਲਈ ਬਹਿਸ ’ਤੇ ਰੱਖ ਲਿਆ ਹੈ। ਵਿਭਾਗ ਨੇ ਆਪਣੀ ਅਰਜ਼ੀ ’ਚ ਬੇਨਤੀ ਕੀਤੀ ਸੀ ਕਿ ਜੋ ਦਸਤਾਵੇਜ਼ ਪਹਿਲਾਂ ਹੀ ਕੇਸ ਦੀ ਫਾਈਲ ਵਿਚ ਲੱਗੇ ਹਨ, ਉਹ ਉਨ੍ਹਾਂ ਦੀਆਂ ਸਰਟੀਫਾਈਡ ਕਾਪੀਆਂ ਅਦਾਲਤ ’ਚ ਲਗਾਉਣਾ ਚਾਹੁੰਦੇ ਹਨ, ਜੋ ਕਿ ਕੇਸ ਲਈ ਬੇਹੱਦ ਮਹੱਤਵਪੂਰਨ ਹੈ।