ਗਿੱਦੜਬਾਹਾ ਦੇ ਨੇੜੇ ਸਥਿਤ ਪਿੰਡ ਥਾਰਜਵਾਲਾ ਤੋਂ ਕੈਨੇਡਾ ਗਏ ਗਗਨਦੀਪ ਸਿੰਘ ਖਾਲਸਾ ਦੀ ਇਕ ਦਰਦਨਾਕ ਹਾਦਸੇ ‘ਚ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਗਗਨਦੀਪ ਦੀ ਅਚਾਨਕ ਹੋਈ ਮੌਤ ਨਾਲ ਕੈਨੇਡਾ ਤੋਂ ਲੈ ਕੇ ਪੰਜਾਬ ਤੱਕ ਸੋਗ ਦੀ ਲਹਿਰ ਫੈਲ ਗਈ ਹੈ। ਉਸ ਦਾ ਪੂਰਾ ਪਰਿਵਾਰ ਸਦਮੇ ‘ਚ ਹੈ।ਜਾਣਕਾਰੀ ਮੁਤਾਬਕ ਗਗਨਦੀਪ ਸ਼ਨੀਵਾਰ ਨੂੰ ਅਲਬਰਟਾ ਦੀ ਲੁਈਸ ਝੀਲ ਨੇੜੇ ਇਕ ਪਹਾੜੀ ਤੋਂ ਤਿਲਕ ਕੇ ਝੀਲ ਵਿਚ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਹਾਦਸਾ ਸ਼ਨੀਵਾਰ ਰਾਤ ਨੂੰ ਕਰੀਬ 7 ਵਜੇ ਦੱਸਿਆ ਜਾ ਰਿਹਾ ਹੈ। ਗਗਨਦੀਪ ਤੇ ਉਸ ਦੇ ਦੋ ਹੋਰ ਸਾਥੀ ਝੀਲ ਨੇੜੇ ਤਸਵੀਰਾਂ ਖਿੱਚਣ ਲਈ ਰੁਕੇ ਸਨ, ਜਿਥੇ ਉਸ ਦਾ ਪਹਾੜੀ ਤੋਂ ਅਚਾਨਕ ਪੈਰ ਤਿਲਕ ਗਿਆ।