ਕਾਰਗਿਲ ‘ਚ ਲਾਪਤਾ ਫੌਜੀ ਦੇ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਦਰਿਆ ‘ਚੋਂ ਮਿਲੀ ਲਾਸ਼

0
225

ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਕਾਰਗਿਲ ‘ਚ ਤਾਇਨਾਤ ਸਮਰਾਲਾ ਨੇੜਲੇ ਪਿੰਡ ਢੀਡਸਾ ਦੇ ਫੌਜੀ ਜਵਾਨ ਪਲਵਿੰਦਰ ਸਿੰਘ ਦੇ ਆਪਣੇ ਇਕ ਹੋਰ ਅਫ਼ਸਰ ਸਣੇ ਜੀਪ ਸਮੇਤ ਦਰਾਸ ਦਰਿਆ ‘ਚ ਡਿੱਗ ਜਾਣ ’ਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ। ਭਾਲ ‘ਚ ਲੱਗੀਆਂ ਭਾਰਤੀ ਫੌਜ ਦੀਆਂ ਟੀਮਾਂ ਨੇ ਵੀਰਵਾਰ ਨੂੰ 17 ਦਿਨਾਂ ਮਗਰੋਂ ਪਲਵਿੰਦਰ ਸਿੰਘ ਦੀ ਲਾਸ਼ ਦਰਿਆ ‘ਚੋਂ ਕੱਢ ਲਈ ਹੈ। ਡਿਊਟੀ ਦੌਰਾਨ ਦੇਸ਼ ਦੀ ਰਾਖੀ ਲਈ ਸ਼ਹੀਦ ਹੋਏ ਇਸ ਬਹਾਦਰ ਯੋਧੇ ਦਾ ਸ਼ੁੱਕਰਵਾਰ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਉਸ ਦੇ ਨਾਨਕੇ ਪਿੰਡ ਰਾਮਪੁਰ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਲੰਘੀ 22 ਜੂਨ ਨੂੰ ਪਲਵਿੰਦਰ ਸਿੰਘ ਆਪਣੇ ਇਕ ਹੋਰ ਅਫ਼ਸਰ ਲੈਫਟੀਨੈਂਟ ਸ਼ੁਭਾਨ ਅਲੀ ਨਾਲ ਜੀਪ ਰਾਹੀ ਮੀਨਾ ਮਾਰਗ ਤੋਂ ਦਰਾਸ ਨੂੰ ਜਾ ਰਿਹਾ ਸੀ ਤਾਂ ਅਚਾਨਕ ਉਨ੍ਹਾਂ ਦੀ ਜੀਪ ਦਰਾਸ ਦਰਿਆ ‘ਚ ਡਿੱਗ ਗਈ। ਉਸ ਦਿਨ ਤੋਂ ਹੀ ਭਾਰਤੀ ਫੌਜ ਇਨ੍ਹਾਂ ਦੀ ਭਾਲ ‘ਚ ਜੁੱਟੀ ਹੋਈ ਸੀ। ਹਾਲਾਕਿ ਫੌਜ ਦੀਆਂ ਟੀਮਾਂ ਨੇ 3 ਦਿਨ ਬਾਅਦ ਜੀਪ ਨੂੰ ਤਾਂ ਦਰਿਆ ‘ਚੋਂ ਕੱਢ ਲਿਆਂ ਸੀ ਪਰ ਪਾਣੀ ਦੇ ਤੇਜ ਵਹਾਅ ‘ਚ ਪਲਵਿੰਦਰ ਸਿੰਘ ਅਤੇ ਫੌਜ ਦੇ ਦੂਜੇ ਅਧਿਕਾਰੀ ਸ਼ੁਭਾਨ ਅਲੀ ਦੇ ਰੁੜ੍ਹ ਜਾਣ ਕਾਰਨ ਉਨ੍ਹਾਂ ਦਾ ਕੋਈ ਪਤਾ ਨਹੀਂ ਸੀ ਲੱਗ ਰਿਹਾ। ਪਰਿਵਾਰ ਸਮੇਤ ਸਾਰਾ ਪਿੰਡ ਹੀ ਇਸ ਆਪਣੇ ਇਸ ਬਹਾਦਰ ਯੋਧੇ ਦੀ ਸਲਾਮਤੀ ਲਈ ਅਰਦਾਸਾਂ ਕਰ ਰਿਹਾ ਸੀ, ਪਰ ਅੱਜ ਜਿਵੇਂ ਹੀ ਫੌਜ ਵੱਲੋਂ ਪਰਿਵਾਰ ਨੂੰ ਪਲਵਿੰਦਰ ਸਿੰਘ ਦੀ ਲਾਸ਼ ਮਿਲ ਜਾਣ ਦੀ ਜਾਣਕਾਰੀ ਦਿੱਤੀ ਗਈ ਤਾਂ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ।

ਇਕ ਰਿਟਾਇਰਡ ਫੌਜੀ ਦਾ ਇਹ ਬਹਾਦਰ ਪੁੱਤਰ 2010 ‘ਚ ਦੇਸ਼ ਦੀ ਸੇਵਾ ਲਈ ਫੌਜ ‘ਚ ਚਲਾ ਗਿਆ ਸੀ ਅਤੇ ਇਸ ਦੀ ਡਿਊਟੀ ਕਾਰਗਿਲ ਸੈਕਟਰ ‘ਚ ਲੱਗੀ ਹੋਈ ਸੀ। ਪਲਵਿੰਦਰ ਸਿੰਘ ਦੇ ਬਾਕੀ ਪਰਿਵਾਰ ਸਮੇਤ ਉਸ ਦੀ ਮਾਂ ਸੁਰਿੰਦਰ ਕੌਰ ਆਪਣੇ ਪੁੱਤ ਦੀ ਸਲਾਮਤੀ ਲਈ ਦਿਨ-ਰਾਤ ਪਾਗਲਾਂ ਵਾਂਗ ਅਰਦਾਸਾਂ ਕਰ ਰਹੀ ਸੀ ਅਤੇ ਮਾਂ ਦੇ ਦਿਲ ਨੂੰ ਅਜੇ ਵੀ ਆਪਣੇ ਪੁੱਤਰ ਦੇ ਸਹੀ-ਸਲਾਮਤ ਘਰ ਆਉਣ ਦੀ ਆਸ ਬੱਝੀ ਹੋਈ ਸੀ ਪਰ ਜਿਵੇ ਹੀ ਪਲਵਿੰਦਰ ਸਿੰਘ ਦੇ ਸ਼ਹੀਦ ਹੋ ਜਾਣ ਦੀ ਖ਼ਬਰ ਆਈ ਤਾਂ ਉਸ ਦੀ ਮਾਂ ਸਮੇਤ ਪੂਰੇ ਪਰਿਵਾਰ ’ਤੇ ਅਚਾਨਕ ਦੁੱਖਾਂ ਦਾ ਪਹਾੜ ਟੁੱਟ ਗਿਆ।

ਸ਼ਹੀਦ ਹੋਏ ਪਲਵਿੰਦਰ ਸਿੰਘ ਦੇ ਭਰਾ ਜਗਪ੍ਰੀਤ ਸਿੰਘ ਨੇ ਦੱਸਿਆ ਕਿ 2 ਮਹੀਨੇ ਬਾਅਦ ਪਲਵਿੰਦਰ ਸਿੰਘ ਨੇ ਛੁੱਟੀ ਆ ਕੇ ਆਪਣੀ ਮਾਤਾ ਦਾ ਆਪਰੇਸ਼ਨ ਕਰਵਾਉਣਾ ਸੀ ਅਤੇ ਪਰਿਵਾਰ ਨੇ ਉਸ ਦੇ ਵਿਆਹ ਦੀਆਂ ਤਿਆਰੀਆਂ ਵੀ ਆਰੰਭਣੀਆਂ ਸਨ, ਪਰ ਇਸ ਹਾਦਸੇ ਨਾਲ ਸਾਰੇ ਸੁਪਨੇ ਟੁੱਟ ਗਏ। ਇਸ ਫੌਜੀ ਦੇ ਭਰਾ ਜਗਪ੍ਰੀਤ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ ਜੇਕਰ ਪਲਵਿੰਦਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਸ਼ਹੀਦੀ ਜਾਮ ਪੀ ਗਿਆ ਅਤੇ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। 

ਇੱਥੇ ਜਿਕਰਯੋਗ ਹੈ ਕਿ ਪਲਵਿੰਦਰ ਸਿੰਘ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਉਣ ’ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸਮਰਾਲਾ ਇਲਾਕੇ ਦੇ ਇਸ ਮਹਾਨ ਯੋਧੇ ਦੀ ਸਲਾਮਤੀ ਲਈ ਅਰਦਾਸ ਕਰਦੇ ਹੋਏ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ’ਤੇ ਉਸ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਹਲਕਾ ਸਮਰਾਲਾ ਦੇ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਸਾਬਕਾ ਅਕਾਲੀ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਦੇਸ਼ ਲਈ ਸ਼ਹੀਦ ਹੋਏ ਨਾਇਕ ਪਲਵਿੰਦਰ ਸਿੰਘ ਦੀ ਸ਼ਹੀਦੀ ’ਤੇ ਪਰਿਵਾਰ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਪੂਰੇ ਇਲਾਕੇ ਨੂੰ ਆਪਣੇ ਇਸ ਬਹਾਦਰ ਸਪੂਤ ਦੀ ਸ਼ਹਾਦਤ ’ਤੇ ਮਾਣ ਹੈ ਅਤੇ ਸਾਰਾ ਇਲਾਕਾ ਹੀ ਇਸ ਦੁੱਖ ਦੀ ਘੜੀ ’ਚ ਪਰਿਵਾਰ ਦੇ ਨਾਲ ਹੈ।

LEAVE A REPLY

Please enter your comment!
Please enter your name here