ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਕਿ ਕਾਂਗਰਸ ਸਰਕਾਰ 5600 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਨੂੰ ਦਬਾਉਣ ਲਈ ਪੱਬਾਂ ਭਾਰ ਹੋਈ ਪਈ ਹੈ, ਜਦਕਿ ਉਹ ਡਿਸਟੀਲਰੀਆਂ ਦੇ ਮਾਲਕਾਂ ਤੇ ਉਹਨਾਂ ਕਾਂਗਰਸੀਆਂ ਖਿਲਾਫ ਕਾਰਵਾਈ ਵੀ ਕਰਨ ‘ਚ ਅਸਫਲ ਰਹੀ ਹੈ, ਜੋ ਸ਼ਰਾਬ ਦੀ ਸਮਗਲਿੰਗ ਕਰ ਰਹੇ ਹਨ ਤੇ ਨਜਾਇਜ਼ ਸ਼ਰਾਬ ਬਣਾ ਤੇ ਬੋਟਲਿੰਗ ਕਰ ਕੇ ਵੇਚ ਰਹੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ 5600 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ‘ਤੇ ਬਿਲਕੁਲ ਚੁੱਪ ਬੈਠੀ ਹੈ ਤੇ ਹੁਣ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਦੇ ਪਰਿਵਾਰ ਦੀ ਮਲਕੀਅਤ ਵਾਲੀ ਡਿਸਟੀਲਰੀ ਤੇ ਦੋ ਕਾਂਗਰਸੀ ਵਿਧਾਇਕਾਂ ਮਦਨ ਲਾਲ ਜਲਾਲਪੁਰ ਤੇ ਹਰਦਿਆਲ ਕੰਬੋਜ ਦੇ ਨਜ਼ਦੀਕੀਆਂ ਵੱਲੋਂ ਚਲਾਈ ਜਾ ਰਹੀ ਨਜਾਇਜ਼ ਡਿਸਟੀਲਰੀ ਕਮ ਬੋਟਲਿੰਗ ਪਲਾਂਟ ਨਾਲ ਸਬੰਧਤ ਦੋ ਗੰਭੀਰ ਮਾਮਲਿਆਂ ਨੂੰ ਵੀ ਦਬਾਉਣ ਦੇ ਚੱਕਰ ਵਿਚ ਹੈ।ਡਾ. ਚੀਮਾ ਨੇ ਕਿਹਾ ਕਿ ਉਹਨਾਂ ਨੂੰ ਮਿਲੀ ਜਾਣਕਾਰੀ ਦੇ ਮੁਤਾਬਕ ਪੁਲਿਸ ਨੇ ਹਾਲੇ ਤੱਕ ਚੱਢਾ ਡਿਸਟੀਲਰੀ ਦੇ ਨਾਲ ਲੱਗਦੀ ਖੰਡ ਮਿੰਲ ਵਿਚੋਂ ਦੋ ਟਰੱਕ ਸ਼ਰਾਬ ਫੜੇ ਜਾਣ ਦੇ ਮਾਮਲੇ ਵਿਚ ਕਿਸੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਤੇ ਆਬਕਾਰੀ ਵਿਭਾਗ ਇਕ ਦੂਜੇ ਸਿਰ ਜ਼ਿੰਮੇਵਾਰੀ ਸੁੱਟ ਰਹੇ ਹਨ ਤਾਂ ਕਿ ਕੇਸ ਕਮਜ਼ੋਰ ਕੀਤਾ ਜਾ ਸਕੇ ਅਤੇ ਡਿਸਟੀਲਰੀ ਮੈਨੇਜਮੈਂਟ ਨੂੰ ਬਿਨਾਂ ਨੁਕਸਾਨ ਦੇ ਛੱਡ ਦਿੱਤਾ ਜਾਵੇ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਰਾਜਪੁਰਾ ਵਿਚ ਫੜੀ ਗਈ ਨਜਾਇਜ਼ ਡਿਸਟੀਲਰੀ ਦੇ ਮਾਮਲੇ ਵਿਚ ਸੂਬਾ ਪੁਲਿਸ ਤੇ ਆਬਕਾਰੀ ਵਿਭਾਗ ਨੇ ਹਾਲੇ ਤੱਕ ਕਾਂਗਰਸੀ ਵਿਧਾਇਕ ਜਲਾਲਪੁਰ ਤੇ ਕੰਬੋਜ ਨੂੰ ਪੁੱਛ ਗਿੱਛ ਵਾਸਤੇ ਨਹੀਂ ਸੱਦਿਆ।