ਚੱਕਰਵਾਤ ਤੂਫਾਨ ਨਿਸਰਗ ਦੇ ਮਹਾਰਾਸ਼ਟਰ ਦੇ ਤੱਟਵਰਤੀ ਇਲਾਕਿਆਂ ਨਾਲ ਟਕਰਾਉਣ ਤੋਂ ਬਾਅਦ ਬੁੱਧਵਾਰ ਦੀ ਦੁਪਹਿਰ ਨੂੰ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪਿਆ। ਮਹਾਰਾਸ਼ਟਰ ਵਿਚ ਚੱਕਰਵਾਤ ਤੂਫਾਨ ‘ਨਿਸਰਗ’ ਕਾਰਨ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ, ਜਿਸ ਨਾਲ ਕਈ ਮਕਾਨਾਂ ਅਤੇ ਗੱਡੀਆਂ ਨੁਕਸਾਨੀਆਂ ਗਈਆਂ। ਵੱਡੀ ਗਿਣਤੀ ਵਿਚ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗ ਗਏ। ਹਾਲਾਂਕਿ ਦੇਰ ਰਾਤ ਨਿਸਰਗ ਕਮਜ਼ੋਰ ਪੈ ਗਿਆ। ਹੁਣ ਇਹ 50 ਕਿਲੋਮੀਟਰ ਦੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ। ਮੌਸਮ ਵਿਭਾਗ ਨੇ ਨਿਸਰਗ ਦੇ ਕਮਜ਼ੋਰ ਪੈਣ ‘ਤੇ ਮੁੰਬਈ, ਠਾਣੇ ਅਤੇ ਰਾਏਗੜ੍ਹ ਜ਼ਿਲਿਆਂ ਲਈ ਵੀਰਵਾਰ ਭਾਵ ਅੱਜ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਮੁੰਬਈ ਲਈ ਗ੍ਰੀਨ ਅਲਰਟ ਯਾਨੀ ਕਿ ਹਲਕੀ ਤੋਂ ਲੈ ਕੇ ਮੱਧ ਪੱਧਰ ਦਾ ਮੀਂਹ ਅਤੇ ਪਾਲਘਰ ਲਈ ਆਰੇਂਜ ਅਲਰਟ ਯਾਨੀ ਕਿ ਭਾਰੀ ਤੋਂ ਬਹੁਤ ਭਾਰੀ ਮੀਂਹ ਜਾਰੀ ਕੀਤਾ ਹੈ।