ਓਲੰਪਿਕ ਦਿਹਾੜੇ ’ਤੇ ਵਿਸ਼ੇਸ਼ :‘ਸ਼ਾਂਤੀ ਦੀਆਂ ਦੂਤ ਤੇ ਖੇਡ ਸੱਭਿਆਚਾਰ ਦੇ ਫੈਲਾਅ ਦਾ ਪ੍ਰਤੀਕ ਇਹ ਖੇਡਾਂ’

ਅੱਜ ਓਲੰਪਿਕ ਦਿਹਾੜਾ ਹੈ। ਇਸ ਨੂੰ ਮਨਾਉਣ ਦੀ ਸ਼ੁਰੂਆਤ 23 ਜੂਨ 1948 ਤੋਂ ਹੋਈ ਸੀ। ਇਸ ਦਿਨ ਨੂੰ ਓਲੰਪਿਕ ਦਿਵਸ ਮਨਾਉਣ ਲਈ ਇਸ ਲਈ ਚੁਣਿਆ ਗਿਆ, ਕਿਉਂਕਿ 23 ਜੂਨ 1894 ਨੂੰ ਪੈਰਿਸ ਵਿਖੇ ਆਧੁਨਿਕ ਓਲੰਪਿਕਸ ਦੇ ਜਨਮਦਾਤਾ ਕੂਬਰਤਿਨ ਨੇ ਮਾਡਰਨ ਓਲੰਪਿਕਸ ਸ਼ੁਰੂ ਕਰਵਾਉਣ ਦਾ ਫੈਸਲਾ ਕੀਤਾ ਸੀ। ਦੋ ਸਾਲਾਂ ਬਾਅਦ 1896 ਵਿੱਚ ਏਥਨਜ਼ ਵਿਖੇ ਪਹਿਲੀਆਂ ਆਧੁਨਿਕ ਓਲੰਪਿਕ ਖੇਡਾਂ ਕਰਵਾਈਆਂ ਗਈਆਂ, ਜਿਸ ਦਾ ਕਾਫਲਾ ਨਿਰੰਤਰ ਚੱਲਦਾ ਹੋਇਆ 2016 ਵਿੱਚ ਰੀਓ ਵਿਖੇ ਪੁੱਜਿਆ ਸੀ। 2020 ਦੀਆਂ ਓਲੰਪਿਕਸ ਟੋਕੀਓ ਵਿਖੇ ਹੋਣੀਆਂ ਸਨ, ਜਿਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਚੱਲਦਿਆਂ ਇਕ ਸਾਲ ਲਈ ਅੱਗੇ ਪਾ ਦਿੱਤੀਆਂ। ਅੱਜ ਓਲੰਪਿਕ ਦਿਵਸ ਦੇ ਮੌਕੇ ਦੁਨੀਆਂ ਭਰ ਦੇ ਓਲੰਪੀਅਨ ਇਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ। ਖਿਡਾਰੀ ਅੱਜ ਇਹ ਕਾਮਨਾ ਵੀ ਕਰ ਰਹੇ ਹਨ ਕਿ ਕੋਰੋਨਾ ਮਹਾਮਾਰੀ ਤੋਂ ਜਲਦੀ ਛੁਟਕਾਰਾ ਪਵੇ ਅਤੇ ਅਗਲੇ ਸਾਲ ਟੋਕੀਓ ਵਿਖੇ ਦੁਨੀਆਂ ਦਾ ਸਭ ਤੋਂ ਵੱਡਾ ਖੇਡ ਮੇਲਾ ਜੁੜੇ।

ਆਧੁਨਿਕ ਓਲੰਪਿਕ ਖੇਡਾਂ ਦੀ ਸ਼ੁਰੂਆਤ 1896 ‘ਚ ਏਥਨਜ਼ (ਯੂਨਾਨ) ਵਿਖੇ ਜ਼ਰੂਰ ਹੋਈ ਸੀ ਪਰ ਓਲੰਪਿਕ ਖੇਡਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇਹ ਖੇਡਾਂ ਸਿਰਫ ਓਲੰਪਿਕ ਖੇਡਾਂ ਨਾਲ ਪੁਕਾਰੀਆਂ ਜਾਂਦੀਆਂ ਹਨ ਪਰ ਅਸਲੀਅਤ ਵਿਚ ਜੇ ਇਤਿਹਾਸ ‘ਤੇ ਝਾਤ ਮਾਰੀ ਜਾਵੇ ਤਾਂ ਇਹ ਨਵੀਨ ਓਲੰਪਿਕ ਖੇਡਾਂ ਹਨ। 1896 ‘ਚ ਸ਼ੁਰੂ ਹੋਈਆਂ ਇਹ ਖੇਡਾਂ ਓਲੰਪਿਕ ਖੇਡਾਂ ਦਾ ਪਹਿਲਾ ਦੌਰ ਨਹੀਂ ਸੀ। ਇਸ ਤੋਂ ਪਹਿਲਾਂ ਵੀ ਓਲੰਪਿਕ ਖੇਡਾਂ ਹੁੰਦੀਆਂ ਸਨ। ਪਹਿਲੀਆਂ (ਪੁਰਾਤਨ) ਓਲੰਪਿਕ ਖੇਡਾਂ ਜੋ 776 ਈਸਾ ਪੂਰਵ (ਬੀ.ਸੀ.) ਵਿਚ ਸ਼ੁਰੂ ਹੋਈਆਂ ਸਨ ਅਤੇ 394 ਈਸਵੀ (ਏ.ਡੀ.) ‘ਚ ਬੰਦ ਹੋ ਗਈਆਂ ਸਨ। ਪੁਰਾਤਨ ਓਲੰਪਿਕ ਖੇਡਾਂ ਦੇ ਬੰਦ ਹੋਣ ਤੋਂ 1502 ਸਾਲਾਂ ਬਾਅਦ ਮੁੜ ਇਹ ਖੇਡਾਂ ਸ਼ੁਰੂ ਹੋਈਆਂ ਸਨ। ਪਹਿਲੀਆਂ/ਮੁੱਢਲੀਆਂ/ਪੁਰਾਤਨ ਓਲੰਪਿਕ ਖੇਡਾਂ 776 ਬੀ.ਸੀ. ਤੋਂ 394 ਏ.ਡੀ. ਤਕ ਹੋਈਆਂ ਅਤੇ 1896 ਤੋਂ ਹੁਣ ਤਕ ਜਾਰੀ ਖੇਡਾਂ ਨਵੀਨ ਓਲੰਪਿਕ ਖੇਡਾਂ ਹਨ।

ਓਲੰਪਿਕ ਖੇਡਾਂ ਬਾਰੇ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ ਪਰ ਮੰਨੀ-ਪ੍ਰਮੰਨੀ ਮਿੱਥ ਅਨੁਸਾਰ ਪੁਰਾਤਨ ਓਲੰਪਿਕ ਖੇਡਾਂ ਦਾ ਮੁੱਢ 776 ਬੀ.ਸੀ. ‘ਚ ਉਸ ਵੇਲੇ ਬੱਝਿਆ ਜਦੋਂ ਯੂਨਾਨ ਛੋਟੇ-ਛੋਟੇ ਰਾਜਾਂ ਵਿਚ ਵੰਡਿਆ ਹੋਇਆ ਸੀ। ਇਹ ਰਾਜ ਆਪਸ ਵਿਚ ਲੜਦੇ ਰਹਿੰਦੇ ਸਨ ਅਤੇ ਇਨ੍ਹਾਂ ਲੜਾਈ-ਝਗੜਿਆਂ ਤੋਂ ਤੰਗ ਆ ਕੇ ਯੂਨਾਨ ਦੇ ਰਾਜਾ ਨੇ ਕਿਸੇ ਜੋਤਸ਼ੀ ਤੋਂ ਸਲਾਹ ਲਈ। ਸਲਾਹ ਮੰਨ ਕੇ ਰਾਜੇ ਨੇ ਖੇਡਾਂ ਕਰਵਾਉਣੀਆਂ ਸ਼ੁਰੂ ਕੀਤੀਆਂ। ਖੇਡਾਂ ਜ਼ਰੀਏ ਸ਼ਾਂਤੀ ਦਾ ਮਾਹੌਲ ਸਿਰਜਿਆ ਗਿਆ। ਇਸੇ ਕਾਰਨ ਖੇਡਾਂ ਹੁਣ ਤਕ ਸ਼ਾਂਤੀ/ਅਮਨ ਦੇ ਦੂਤ ਵਜੋਂ ਜਾਣੀਆਂ ਜਾਂਦੀਆਂ ਹਨ ਅਤੇ ‘ਸਪੋਰਟਸਮੈਨ ਸਪਿਰਟ’ ਸ਼ਬਦ ਇਸੇ ‘ਚੋਂ ਨਿਕਲਿਆ ਹੈ। ਮੁੱਢਲੇ ਸਮਿਆਂ ‘ਚ ਸਿਰਫ ਦੌੜਾਂ ਹੀ ਕਰਵਾਈਆਂ ਜਾਂਦੀਆਂ ਸਨ ਅਤੇ ਹੌਲੀ ਹੌਲੀ ਇਨ੍ਹਾਂ ਖੇਡਾਂ ਵਿਚ ਬਾਕੀ ਮੁਕਾਬਲੇ ਸ਼ੁਰੂ ਹੋਏ। 394 ਏ.ਡੀ. ਤਕ ਪ੍ਰਾਚੀਨ ਓਲੰਪਿਕ ਖੇਡਾਂ ਠੀਕ-ਠਾਕ ਚੱਲਦੀਆਂ ਰਹੀਆਂ। ਲੜਾਈ-ਝਗੜੇ ਖਤਮ ਕਰਨ ਲਈ ਸ਼ੁਰੂ ਹੋਈਆਂ ਓਲੰਪਿਕ ਖੇਡਾਂ 394 ਏ.ਡੀ. ਤਕ ਪਹੁੰਚਦੀਆਂ ਹੋਈਆਂ ਖੁਦ ਲੜਾਈ-ਝਗੜਿਆਂ ਦਾ ਕਾਰਨ ਬਣ ਗਈਆਂ ਸਨ। ਖੇਡਾਂ ਨੂੰ ਲੈ ਕੇ ਹੁੰਦੇ ਲੜਾਈ-ਝਗੜਿਆਂ ਤੋਂ ਤੰਗ ਆ ਕੇ ਉਸ ਵੇਲੇ ਯੂਨਾਨ ‘ਤੇ ਕਾਬਜ਼ ਰੋਮਨ ਦੇ ਰਾਜਾ ਥਿਊਡੀਸੀਅਸ ਨੇ ਖੇਡਾਂ ਬੰਦ ਕਰਵਾ ਦਿੱਤੀਆਂ।