ਪਾਕਿਸਤਾਨੀ ਬੱਲੇਬਾਜ਼ ਉਮਰ ਅਕਮਲ ਦੀ 3 ਸਾਲ ਦੀ ਪਾਬੰਦੀ ਬੁੱਧਵਾਰ ਨੂੰ ਘਟਾ ਕੇ 18 ਮਹੀਨਿਆਂ ਦੀ ਕਰ ਦਿੱਤੀ ਗਈ, ਜੋ ਸਾਲ ਦੇ ਸ਼ੁਰੂ ’ਚ ਭ੍ਰਿਸ਼ਟ ਪੇਸ਼ਕਸ਼ ਦੀ ਰਿਪੋਰਟ ਨਾ ਕਰਨ ਲਈ ਲਾਈ ਗਈ ਸੀ। ਅਕਮਲ ਦੀ ਪਾਬੰਦੀ ਹੁਣ ਫਰਵਰੀ 2020 ਤੋਂ ਅਗਸਤ 2021 ਤੱਕ ਲਾਗੂ ਹੋਵੇਗੀ। 30 ਸਾਲਾ ਇਹ ਬੱਲੇਬਾਜ਼ ਹਾਲਾਂਕਿ ਇਸ ਤੋਂ ਖੁਸ਼ ਨਹੀਂ ਹੈ ਤੇ ਉਹ ਮੁੜ ਅਪੀਲ ਕਰਨਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਮੇਰੇ ਤੋਂ ਪਹਿਲਾਂ ਵੀ ਕਈ ਕ੍ਰਿਕਟਰ ਸਨ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਕੀਤਾ ਸੀ ਪਰ ਕਿਸੇ ਨੂੰ ਮੇਰੀ ਵਰਗੀ ਸਖਤ ਸਜ਼ਾ ਨਹੀਂ ਦਿੱਤੀ ਗਈ ਸੀ। ਮੈਂ ਇਕ ਵਾਰ ਹੋਰ ਅਪੀਲ ਕਰਾਂਗਾ ਕਿ ਮੇਰੀ ਸਜ਼ਾ ਹੋਰ ਘੱਟ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਅਕਮਲ ’ਤੇ ਅਪ੍ਰੈਲ ’ਚ 3 ਸਾਲ ਦੀ ਪਾਬੰਦੀ ਲਾਈ ਗਈ ਸੀ ਕਿਉਂਕਿ ਉਹ ਪਾਕਿਸਤਾਨ ਸੁਪਰ ਲੀਗ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੀ ਪੇਸ਼ਕਸ਼ ਦੀ ਰਿਪੋਰਟ ਪੇਸ਼ ਕਰਨ ’ਚ ਨਾਕਾਮ ਰਿਹਾ ਸੀ। ਉਸ ਨੇ ਆਪਣੀ ਗਲਤੀ ਮੰਨ ਲਈ ਸੀ।