ਆਸਟ੍ਰੇਲੀਆ ਦੌਰੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਟੀ ਨਟਰਾਜਨ ਨੂੰ ਆਟੋਮੋਬਾਇਲ ਕੰਪਨੀ ਦੇ ਮਾਲਕ ਆਨੰਦ ਮਹਿੰਦਰਾ ਨੇ ਕਾਰ ਗਿਫ਼ਟ ਕਰਨ ਦਾ ਵਾਆਦਾ ਕੀਤਾ ਸੀ ਅਤੇ ਉਨ੍ਹਾਂ ਨੇ ਹੁਣ ਇਸ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਖ਼ੁਦ ਨਟਰਾਜਨ ਨੇ ਆਪਣੇ ਟਵਿਟਰ ਹੈਂਡਲ ਜ਼ਰੀਏ ਦਿੱਤੀ ਹੈ।ਟੀ ਨਟਰਾਜਨ ਨੇ ਟਵਿਟਰ ’ਤੇ ਲਿਖਿਆ, ‘ਭਾਰਤ ਲਈ ਕ੍ਰਿਕਟ ਖੇਡਣਾ ਮੇਰੀ ਜ਼ਿੰਦਗੀ ਲਈ ਸਭ ਤੋਂ ਵੱਡੀ ਗੱਲ ਰਹੀ। ਇੱਥੇ ਤੱਕ ਪਹੁੰਚਣਾ ਮੇਰੇ ਲਈ ਆਸਾਨ ਨਹੀਂ ਸੀ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਨਾਲ ਲੋਕਾਂ ਦਾ ਪਿਆਰ ਮੈਨੂੰ ਮਿਲਿਆ ਹੈ, ਉਸ ਨੇ ਮੈਨੂੰ ਅਭਿਭੂਤ ਕਰ ਦਿੱਤਾ ਹੈ। ਬਿਹਤਰੀਨ ਲੋਕਾਂ ਦਾ ਸਮਰਥਨ ਅਤੇ ਹੌਸਲਾ ਅਫ਼ਜਾਈ ਮੇਰੇ ਲਈ ਰਸਤੇ ਲੱਭਣ ਵਿਚ ਮਦਦਗਾਰ ਸਾਬਿਤ ਹੁੰਦਾ ਹੈ।ਦੂਜੇ ਟਵੀਟ ਵਿਚ ਟੀ ਨਟਰਾਜਨ ਨੇ ਲਿਖਿਆ, ‘ਮੈਂ ਅੱਜ ਨਵੀਂ ਐਸ.ਯੂ.ਵੀ. ਥਾਰ ਗੱਡੀ ਨੂੰ ਡਰਾਈਵ ਕਰਦੇ ਹੋਏ ਆਪਣੇ ਘਰ ਲਿਆਇਆ, ਅੱਜ ਮੈਂ ਸ਼੍ਰੀ ਆਨੰਦ ਮਹਿੰਦਰ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਮੇਰੇ ਸਫ਼ਰ ਅਤੇ ਉਨ੍ਹਾਂ ਦੀ ਸ਼ਲਾਘਾ ਲਈ ਧੰਨਵਾਦ। ਕ੍ਰਿਕਟ ਲਈ ਤੁਹਾਡਾ ਪਿਆਰ ਦੇਖਦੇ ਹੋਏ, ਗਾਬਾ ਟੈਸਟ ਦੀ ਜਰਸੀ ਤੁਹਾਨੂੰ ਗਿਫ਼ਟ ਕਰ ਰਿਹਾ ਹਾਂ।’