ਅਮਰੀਕਾ : ਨੈਸ਼ਨਲ ਗਾਰਡ ਮੈਂਬਰ ਨੇ ਤਾਇਨਾਤੀ ਦੌਰਾਨ 100 ਸੈਨੇਟਰਾਂ ਨਾਲ ਲਈ ਸੈਲਫੀ

0
328

ਅਮਰੀਕਾ ਵਿੱਚ 6 ਜਨਵਰੀ ਦੇ ਹਮਲੇ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਰਾਸ਼ਟਰੀ ਗਾਰਡ ਫੌਜਾਂ ਅਮਰੀਕਾ ਦੀ ਰਾਜਧਾਨੀ ਵਿੱਚ ਤਾਇਨਾਤ ਹਨ। ਜਿਹਨਾਂ ਦਾ ਮਿਸ਼ਨ ਕੈਪੀਟਲ ਇਮਾਰਤ ਅਤੇ ਸਟਾਫ ਦੀ ਸੁਰੱਖਿਆ ਲਈ ਕੰਮ ਕਰਨਾ ਹੈ। ਇਹਨਾਂ ਹੀ ਜਵਾਨਾਂ ਵਿੱਚ ਨਿਊਯਾਰਕ ਦੇ ਨੈਸ਼ਨਲ ਗਾਰਡ ਦੇ ਸਾਰਜੈਂਟ ਫਸਟ ਕਲਾਸ ਵਿਨਸੈਂਟ ਸਕਾਲੀਜ ਵੀ ਸ਼ਾਮਿਲ ਸੀ। ਇਸ ਗਾਰਡ ਮੈਂਬਰ ਨੇ ਕੈਪੀਟਲ ਇਮਾਰਤ ਵਿੱਚ ਆਪਣੀ ਤਾਇਨਾਤੀ ਦੌਰਾਨ ਅਮਰੀਕਾ ਦੇ ਰਿਪਬਲਿਕਨ ਅਤੇ ਡੈਮੋਕ੍ਰੇਟਸ ਸਾਰੇ 100 ਸੈਨੇਟਰਾਂ ਨਾਲ ਮੁਲਾਕਾਤ ਕਰਨ ਅਤੇ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ। ਵਿਨਸੈਂਟ ਅਨੁਸਾਰ ਪਹਿਲਾਂ ਉਸ ਨੇ ਸੈਨੇਟਰਾਂ ਸੁਜ਼ਨ ਕੋਲਿਨਜ਼ ਅਤੇ ਐਮੀ ਕਲੋਬੁਚਰ ਨਾਲ ਫੋਟੋਆਂ ਖਿੱਚੀਆਂ, ਜਿਹਨਾਂ ਨੂੰ ਆਪ੍ਰੇਸ਼ਨ ਅਧਿਕਾਰੀ ਨੂੰ ਦਿਖਾਉਣ ‘ਤੇ ਉਸ ਨੇ ਸਾਰੇ 100 ਸੈਨੇਟਰਾਂ ਨਾਲ ਤਸਵੀਰ ਲੈਣ ਦੀ ਸਲਾਹ ਦਿੱਤੀ। ਇਸ ਉਪਰੰਤ ਸਕਾਲੀਜ ਨੇ ਅਗਲੇ ਛੇ ਹਫ਼ਤਿਆਂ ਵਿੱਚ, ਆਪਣਾ ਆਫ ਟਾਈਮ ਇਮਾਰਤ ਵਿੱਚ ਸੈਨੇਟਰਾਂ ਨਾਲ ਫੋਟੋਆਂ ਲੈਣ ਲਈ ਇਸਤੇਮਾਲ ਕੀਤਾ ਪਰ ਇਹ ਇੰਨਾ ਆਸਾਨ ਨਹੀਂ ਸੀ। ਇਸ ਸੈਨਿਕ ਅਨੁਸਾਰ ਜਦੋਂ ਉਹ ਵਾਸ਼ਿੰਗਟਨ ਵਿੱਚ ਆਪਣੀ ਤਾਇਨਾਤੀ ਦੇ ਅੰਤ ਦੇ ਨੇੜੇ ਪਹੁੰਚ ਰਿਹਾ ਸੀ, ਤਾਂ ਉਸ ਨੂੰ ਲੱਗਾ ਕਿ ਉਹ ਸਾਰੀਆਂ 100 ਫੋਟੋਆਂ ਪ੍ਰਾਪਤ ਨਹੀਂ ਕਰ ਸਕੇਗਾ। ਇਸ ਲਈ ਉਸ ਨੂੰ ਲੂਈਸਿਆਨਾ ਦੇ ਰਿਪਬਲਿਕਨ ਬਿਲ ਕੈਸੀਡੀ ਅਤੇ ਡੇਲਾਵੇਅਰ ਡੈਮੋਕਰੇਟ ਕ੍ਰਿਸ ਕੂਨਸ ਤੋਂ ਕੁਝ ਸਹਾਇਤਾ ਮਿਲੀ। ਇਹਨਾਂ ਦੋਵੇ ਸੈਨੇਟਰਾਂ ਨੇ ਮਿਲ ਕੇ ਸਕਾਲੀਜ ਦੇ ਨੂੰ ਟੀਚੇ ਨੂੰ ਪੂਰਾ ਕਰਨ ਵਿੱਚ ਸਹਾਇਤਾ ਕੀਤੀ। ਇਹਨਾਂ ਦੋਵਾਂ ਸੈਨੇਟਰਾਂ ਅਤੇ ਮਿਸੀਸਿਪੀ ਰੀਪਬਲਿਕਨ ਸਿੰਡੀ ਹਾਈਡ-ਸਮਿੱਥ ਨੇ ਅੰਤਮ ਬਾਰਾਂ ਸੈਨੇਟਰਾਂ ਨੂੰ ਲੱਭਣ ਵਿੱਚ ਸਹਾਇਤਾ ਕੀਤੀ ਅਤੇ ਅਖੀਰ ਸ਼ਨੀਵਾਰ ਸਵੇਰੇ 1 ਵਜੇ ਤੱਕ, ਓਰੇਗਨ ਡੈਮੋਕਰੇਟਿਕ ਸੈਨੇਟਰ ਜੈਫ ਮਰਕਲੇ ਨਾਲ 100 ਫੋਟੋਆਂ ਦੇ ਟੀਚੇ ਨੂੰ ਪੂਰਾ ਕੀਤਾ ਗਿਆ, ਜੋ ਕਿ ਸਕਾਲੀਜ ਅਨੁਸਾਰ ਇੱਕ ਦੌੜ ਨੂੰ ਜਿੱਤਣ ਦੇ ਬਰਾਬਰ ਸੀ।

LEAVE A REPLY

Please enter your comment!
Please enter your name here