ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਕੋਰੋਨਾ ਵਾਇਰਸ ਕਾਰਨ ਹੋਈਆਂ ਮੌਤਾਂ ਨੂੰ ਵੱਖ-ਵੱਖ ਸਮਾਗਮਾਂ ਨਾਲ ਯਾਦ ਕੀਤਾ ਗਿਆ। ਨਿਊਯਾਰਕ ਸ਼ਹਿਰ ਨੇ 14 ਮਾਰਚ, 2020 ਨੂੰ, ਕੋਰੋਨਾ ਵਾਇਰਸ ਕਾਰਨ ਹੋਈ ਪਹਿਲੀ ਮੌਤ ਨੂੰ ਦਰਜ਼ ਕੀਤਾ ਸੀ, ਜਿਸ ਦੇ ਇੱਕ ਸਾਲ ਵਿੱਚ ਇਸ ਜਾਨਲੇਵਾ ਵਾਇਰਸ ਨੇ ਸ਼ਹਿਰ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹਨਾਂ ਮੌਤਾਂ ਨੂੰ ਸਨਮਾਨ ਦੇਣ ਲਈ ਐਤਵਾਰ ਨੂੰ, ਨਿਊਯਾਰਕ ਵਾਸੀਆਂ ਨੇ ਸ਼ਹਿਰ ਦੇ ਕੁਝ ਸਥਾਨਾਂ ‘ਤੇ ਕਈ ਸਮਾਗਮਾਂ ਦੇ ਨਾਲ ਇਹਨਾਂ ਮੌਤਾਂ ਦੀ ਬਰਸੀ ਨੂੰ ਮਨਾਇਆ। ਨਿਊਯਾਰਕ ਵਿੱਚ ਦੁਪਹਿਰ ਤੋਂ ਪਹਿਲਾਂ, ਲਿੰਕਨ ਸੈਂਟਰ ਨੇ ਇੱਕ ਸੰਗੀਤ ਵੀਡੀਓ ਦਾ ਪ੍ਰੀਮੀਅਰ ਕੀਤਾ ਜਿਸ ਵਿੱਚ ਨਿਊਯਾਰਕ ਸਿਟੀ ਦੇ ਯੰਗ ਪੀਪਲਜ਼ ਦੁਆਰਾ ਪੇਸ਼ਕਾਰੀ ਕੀਤੀ ਗਈ ਅਤੇ ਸ਼ਾਮ ਵੇਲੇ ਫੁਹਾਰਿਆਂ ਦੇ ਦੁਆਲੇ 30 ਮਿੰਟਾਂ ਤੱਕ ਮੋਮਬੱਤੀਆਂ ਜਗਾਈਆਂ ਗਈਆਂ। ਇਸ ਦੇ ਇਲਾਵਾ ਐਤਵਾਰ ਰਾਤ ਨੂੰ, ਨਿਊਯਾਰਕ ਸਿਟੀ ਦੇ ਮੇਅਰ ਬਿਲ ਡੀ ਬਲਾਸੀਓ ਨੇ ਇੱਕ ਯਾਦਗਾਰ ਸੇਵਾ ਦੀ ਮੇਜ਼ਬਾਨੀ ਕੀਤੀ ਜਿਸ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀਆਂ ਫੋਟੋਆਂ ਅਤੇ ਵੀਡੀਓਜ਼ ਦੀ ਲਾਈਵ ਸਟ੍ਰੀਮਿੰਗ ਕੀਤੀ ਗਈ। ਇਸ ਸੰਬੰਧੀ ਹੋਰ ਸਮਾਗਮਾਂ ਵਿੱਚ ਨਿਊਯਾਰਕ ਫਿਲਹਰਮੋਨਿਕ ਨੇ ਵਾਇਰਸ ਨਾਲ ਮਾਰੇ ਗਏ ਨਿਊਯਾਰਕਰਾਂ ਦੀਆਂ ਕਾਲੀਆਂ ਅਤੇ ਚਿੱਟੀਆਂ ਤਸਵੀਰਾਂ ਬਰੁਕਲਿਨ ਬ੍ਰਿਜ ਉੱਤੇ ਪ੍ਰੋਜੈਕਟਰ ਨਾਲ ਪੇਸ਼ ਕੀਤੀਆਂ। ਇਸ ਤਰ੍ਹਾਂ ਦੇ ਹੋਰ ਸਮਾਗਮਾਂ ਨਾਲ ਨਿਊਯਾਰਕ ਨੇ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।