ਅਕਾਲੀ ਦਲ ਦਾ ਭਾਜਪਾ ਨਾਲੋਂ ਗਠਜੋੜ ਟੁੱਟਣਾ ਤੈਅ, ਰਸਮੀ ਐਲਾਨ ਬਾਕੀ

0
109

ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਟੁੱਟਣਾ ਤੈਅ ਹੈ ਤੇ ਇਸ ਵਿਚ ਸਿਰਫ ਰਸਮੀ ਐਲਾਨ ਬਾਕੀ ਰਹਿ ਗਿਆ ਹੈ ਜੋ 25 ਸਤੰਬਰ ਨੂੰ ਹੋ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿਚ ਕੀਤਾ ਜਾ ਸਕਦਾ ਹੈ। ਭਾਵੇਂ ਮੋਦੀ ਸਰਕਾਰ ਵਿਚੋਂ ਅਸਤੀਫ਼ਾ ਦੇਣ ਸਮੇਂ ਖੁਦ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਐਨ. ਡੀ. ਏ. ਵਿਚ ਉਹ ਬਣੇ ਰਹਿਣਗੇ ਤੇ ਸਰਕਾਰ ਨੂੰ ਬਾਹਰੋਂ ਹਮਾਇਤ ਦੇਣਗੇ ਪਰ ਪਿਛਲੇ ਦੋ ਦਿਨਾਂ ਤੋਂ ਸੁਖਬੀਰ ਬਾਦਲ ਦੇ ਤੇਵਰਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਭਾਜਪਾ ਨਾਲ ਆਰ-ਪਾਰ ਦੀ ਲੜਾਈ ਲੜਨ ਦੇ ਰੌਂਅ ਵਿਚ ਹਨ ਜਦਕਿ ਪਾਰਟੀ ਦੇ ਹੋਰ ਸੀਨੀਅਰ ਆਗੂ ਤਾਂ ਪਹਿਲਾਂ ਹੀ ਗਠਜੋੜ ਤੋੜਨ ਦੇ ਪੱਖ ਵਿਚ ਹਨ ਤੇ ਕੁਝ ਸੀਨੀਅਰ ਆਗੂ ਤਾਂ ਜਨਤਕ ਤੌਰ ’ਤੇ ਬਿਆਨ ਵੀ ਦੇ ਚੁੱਕੇ ਹਨ।ਸੁਖਬੀਰ ਸਿੰਘ ਬਾਦਲ ਨੇ ਕੱਲ੍ਹ ਐਲਾਨ ਕੀਤਾ ਸੀ ਕਿ ਜਦੋਂ ਤੱਕ ਖੇਤੀਬਾੜੀ ਬਾਰੇ ਪਾਸ ਕਰਵਾਏ ਬਿੱਲ ਰੱਦ ਨਹੀਂ ਹੁੰਦੇ, ਉਦੋਂ ਤੱਕ ਅਕਾਲੀ ਦਲ ਕੇਂਦਰ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕਰੇਗੀ। ਅੱਜ ਇਸ ਤੋਂ ਇਕ ਕਦਮ ਹੋਰ ਅੱਗੇ ਪੁੱਟਦਿਆਂ ਸੁਖਬੀਰ ਬਾਦਲ ਨੇ ਅੱਜ ਰਾਜ ਸਭਾ ਵਿਚ ਵਾਪਰੇ ਘਟਨਾਕ੍ਰਮ ਤੋਂ ਬਾਅਦ ਰਾਸ਼ਟਰਪਤੀ ਨੂੰ ਇਨ੍ਹਾਂ ਬਿੱਲਾਂ ਨੂੰ ਮਨਜ਼ੂਰੀ ਨਾ ਦੇਣ ਵਾਸਤੇ ਕਿਹਾ ਹੈ ਤੇ ਖੁਦ ਮਿਲਣ ਦਾ ਸਮਾਂ ਵੀ ਮੰਗਿਆ ਹੈ। ਮੋਦੀ ਸਰਕਾਰ ਵੱਲੋਂ ਸੰਸਦ ਵਿਚ ਬਿੱਲ ਪਾਸ ਕਰਵਾਉਣ ਵਿਚ ਮਿਲੀ ਸਫਲਤਾ ਖ਼ਿਲਾਫ਼ ਸ਼ਰ੍ਹੇਆਮ ਡੱਟ ਕੇ ਸਟੈਂਡ ਲੈਣ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਗਠਜੋੜ ਤੋੜਨ ਦਾ ਸਿਰਫ਼ ਰਸਮੀ ਐਲਾਨ ਬਾਕੀ ਹੈ, ਅਕਾਲੀ ਲੀਡਰਸ਼ਿਪ ਇਹ ਗਠਜੋੜ ਤੋੜਨ ਦਾ ਮਨ ਬਣਾ ਚੁੱਕੀ ਹੈ। ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਗਠਜੋੜ ਟੁੱਟਣ ਦਾ ਪੰਜਾਬ ‘ਤੇ ਸਿਰਫ ਸਿਆਸੀ ਹੀ ਨਹੀਂ ਬਲਕਿ ਸਮਾਜਿਕ ਤੌਰ ’ਤੇ ਵੀ ਕੀ ਅਸਰ ਪਵੇਗਾ ਕਿਉਂਕਿ ਇਸ ਗਠਜੋੜ ਨੂੰ ਸਿਆਸੀ ਦੇ ਨਾਲ ਨਾਲ ਹਿੰਦੂ ਪਾਰਟੀ ਤੇ ਸਿੱਖ ਪਾਰਟੀ ਵਿਚਾਲੇ ਸਮਾਜਿਕ ਗਠਜੋੜ ਵੀ ਮੰਨਿਆ ਜਾਂਦਾ ਰਿਹਾ ਹੈ।

LEAVE A REPLY

Please enter your comment!
Please enter your name here